ਬਠਿੰਡਾ ਦੇ ਸਨਅਤੀ ਵਿਕਾਸ ਕੇਂਦਰ ਵਿਚਲੇ ਉਦਯੋਗਾਂ ਨੂੰ ਪਾਣੀ ਦੇ ਪੱਖ ਤੋਂ ਲੱਗਣਗੀਆਂ ਮੌਜਾਂ
ਗ੍ਰੋਥ ਸੈਂਟਰ ਵਿੱਚ 2.10 ਕਰੋੜ ਦੀ ਲਾਗਤ ਨਾਲ ਵਿਛਾਈ ਜਾਵੇਗੀ ਨਵੀਂ ਵਾਟਰ ਸਪਲਾਈ ਪਾਈਪਲਾਈਨ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2026 :ਬਠਿੰਡਾ ਦੇ ਮਾਨਸਾ ਰੋਡ ’ਤੇ ਸਥਿਤ ਇੰਡਸਟਰਿਅਲ ਗ੍ਰੋਥ ਸੈਂਟਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਵਾਟਰ ਸਪਲਾਈ ਪਾਈਪਲਾਈਨ ਦੀ ਸਮੱਸਿਆ ਦਾ ਹੁਣ ਹੱਲ ਹੋਣ ਜਾ ਰਿਹਾ ਹੈ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਇੰਡਸਟਰੀਅਲ ਗ੍ਰੋਥ ਸੈਂਟਰ ਵਿੱਚ ਕਰੀਬ 2.10 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦੇ ਪ੍ਰੋਜੈਕਟ ਦਾ ਟੱਕ ਲਗਾ ਕੇ ਸ਼ੁਭ ਆਰੰਭ ਕੀਤਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਗ੍ਰੋਥ ਸੈਂਟਰ ਦੇ ਉਦਯੋਗਾਂ ਅਤੇ ਹੋਰ ਖੇਤਰਾਂ ਨੂੰ ਬਿਹਤਰ ਤੇ ਸੁਚਾਰੂ ਜਲ ਸਪਲਾਈ ਦੀ ਸਹੂਲਤ ਮਿਲਣ ਦੀ ਉਮੀਦ ਹੈ।ਇਸ ਮੌਕੇ ਇੰਡਸਟਰਿਅਲ ਗ੍ਰੋਥ ਸੈਂਟਰ ਅਤੇ ਬਠਿੰਡਾ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸ੍ਰੀ ਰਾਮ ਪ੍ਰਕਾਸ਼ ਜਿੰਦਲ, ਸਕੱਤਰ ਸ੍ਰੀ ਰਵਿੰਦਰ ਬਾਂਸਲ, ਖਜ਼ਾਨਚੀ ਸ੍ਰੀ ਰਮਨ ਮਿੱਤਲ, ਉਪ ਪ੍ਰਧਾਨ ਸ੍ਰੀ ਕੁਨਾਲ ਗੁਪਤਾ, ਚੇਅਰਮੈਨ ਸ੍ਰੀ ਭੂਸ਼ਣ ਗਰਗ, ਸ੍ਰੀ ਪੁਨੀਤ ਗਰਗ, ਸ੍ਰੀ ਭਾਗੀਰਥ ਬਾਂਸਲ, ਸ੍ਰੀ ਰੋਹਿਤ ਬਾਂਸਲ, ਸ੍ਰੀ ਨਵਨੀਤ ਨਾਗਪਾਲ, ਸ੍ਰੀ ਰਾਜੂ ਮਿੱਤਲ, ਸ੍ਰੀ ਸੰਦੀਪ ਗੋਇਲ, ਸ੍ਰੀ ਗੋਰਾ ਲਾਲ, ਸ੍ਰੀ ਵਿਨੈ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਪਤਵੰਤੇ ਹਾਜ਼ਰ ਸਨ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇੰਡਸਟਰਿਅਲ ਗ੍ਰੋਥ ਸੈਂਟਰ ਦੀ ਸਥਾਪਨਾ ਸਾਲ 1980 ਵਿੱਚ ਹੋਈ ਸੀ ਅਤੇ ਉਸ ਸਮੇਂ ਤੋਂ ਹੀ ਇੱਥੇ ਸੀਮੈਂਟ ਦੀ ਪੁਰਾਣੀ ਵਾਟਰ ਸਪਲਾਈ ਪਾਈਪਲਾਈਨ ਵਿਛੀ ਹੋਈ ਸੀ। ਲੰਬੇ ਸਮੇਂ ਦੌਰਾਨ ਇਹ ਪਾਈਪਲਾਈਨ ਥਾਂ-ਥਾਂ ਤੋਂ ਖਰਾਬ ਹੋ ਚੁੱਕੀ ਸੀ, ਜਿਸ ਕਾਰਨ ਜਲ ਸਪਲਾਈ ਪ੍ਰਬੰਧ ਪ੍ਰਭਾਵਿਤ ਹੁੰਦਾ ਸੀ। ਇਸ ਤੋਂ ਇਲਾਵਾ ਗ੍ਰੋਥ ਸੈਂਟਰ ਦਾ ਕੁਝ ਹਿੱਸਾ ਅਜਿਹਾ ਵੀ ਸੀ, ਜਿੱਥੇ ਅਜੇ ਤੱਕ ਵਾਟਰ ਸਪਲਾਈ ਪਾਈਪਲਾਈਨ ਦੀ ਸਹੂਲਤ ਨਹੀਂ ਪਹੁੰਚ ਸਕੀ ਸੀ।
ਉਨ੍ਹਾਂ ਕਿਹਾ ਕਿ ਹੁਣ ਇਸ ਸਮੱਸਿਆ ਨੂੰ ਸਥਾਈ ਤੌਰ ’ਤੇ ਦੂਰ ਕਰਨ ਲਈ ਪੂਰੇ ਗ੍ਰੋਥ ਸੈਂਟਰ ਵਿੱਚ ਨਵੀਂ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਰੀਬ 2.10 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਗ੍ਰੋਥ ਸੈਂਟਰ ਦੇ ਉਦਯੋਗਾਂ ਨੂੰ ਆਧੁਨਿਕ ਅਤੇ ਬਿਹਤਰ ਜਲ ਸਪਲਾਈ ਪ੍ਰਬੰਧ ਉਪਲਬਧ ਹੋਵੇਗਾ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਬਠਿੰਡਾ ਦੇ ਉਦਯੋਗਿਕ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਵੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਲਈ ਸੜਕਾਂ, ਸੀਵਰੇਜ, ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਬਿਹਤਰ ਹੋਣਗੀਆਂ ਤਾਂ ਉਦਯੋਗਿਕ ਖੇਤਰ ਦਾ ਵਿਕਾਸ ਵੀ ਤੇਜ਼ ਹੋਵੇਗਾ ਅਤੇ ਇਸ ਨਾਲ ਸਥਾਨਕ ਪੱਧਰ ’ਤੇ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ, “ਗ੍ਰੋਥ ਸੈਂਟਰ ਵਿੱਚ ਕਰੀਬ 46 ਸਾਲਾਂ ਤੋਂ ਚੱਲ ਰਹੀ ਪੁਰਾਣੀ ਪਾਈਪਲਾਈਨ ਦੀ ਸਮੱਸਿਆ ਨੂੰ ਦੂਰ ਕਰਨ ਵੱਲ ਅੱਜ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਨਵੀਂ ਪਾਈਪਲਾਈਨ ਨਾਲ ਨਾ ਸਿਰਫ਼ ਪੁਰਾਣਾ ਅਤੇ ਜਰਜਰ ਪ੍ਰਬੰਧ ਬਦਲੇਗਾ, ਸਗੋਂ ਜਿਨ੍ਹਾਂ ਖੇਤਰਾਂ ਵਿੱਚ ਵਾਟਰ ਸਪਲਾਈ ਨਹੀਂ ਪਹੁੰਚ ਰਹੀ ਸੀ, ਉੱਥੇ ਵੀ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ।”
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਾਸੀਆਂ ਦਾ ਜੀਵਨ ਖੁਸ਼ਹਾਲ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਆਧੁਨਿਕ ਅਤੇ ਸਹੂਲਤਾਂ ਨਾਲ ਲੈਸ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਵੱਖ-ਵੱਖ ਵਿਕਾਸ ਯੋਜਨਾਵਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ, “ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਬਠਿੰਡਾ ਦੇ ਵਿਕਾਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਇੰਡਸਟਰਿਅਲ ਗ੍ਰੋਥ ਸੈਂਟਰ ਦੀ ਵਾਟਰ ਸਪਲਾਈ ਪਾਈਪਲਾਈਨ ਪ੍ਰੋਜੈਕਟ ਲਈ ਪੰਜਾਬ ਸਰਕਾਰ ਵੱਲੋਂ 2.10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।”
- Download Babushahi App
-
-