ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਪੱਤਰਕਾਰ ਦਵਿੰਦਰ ਸਿੰਘ ਦੇ ਪਰਿਵਾਰ ਨੂੰ MLA ਦਿਆਲਪੁਰਾ ਨੇ 5 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ
ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧਤਾ ਦਾ ਪ੍ਰਗਟਾਵਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਸਤੰਬਰ 2026- ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪੰਜਾਬ ਸਰਕਾਰ ਦੀ ਤਰਫ਼ੋਂ ਮੋਹਾਲੀ ਵਿੱਚ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੱਤਰਕਾਰ ਦਵਿੰਦਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ।
ਵਿਧਾਇਕ ਦਿਆਲਪੁਰਾ ਪਿੰਡ ਸ਼ਮਸਪੁਰ, ਨੇੜੇ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪੱਤਰਕਾਰ ਦਵਿੰਦਰ ਸਿੰਘ ਦੇ ਘਰ ਪੁੱਜੇ ਅਤੇ ਉਨ੍ਹਾਂ ਦੇ ਮਾਤਾ ਸ੍ਰੀਮਤੀ ਜਸਪਾਲ ਕੌਰ ਅਤੇ ਪਿਤਾ ਸ੍ਰੀ ਬਲਕਾਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ 5 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ।
ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੱਤਰਕਾਰ ਦਵਿੰਦਰ ਸਿੰਘ ਦੀ ਅਚਾਨਕ ਮੌਤ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਵੱਲੋਂ ਦਿੱਤੀ ਗਈ ਇਹ ਬੀਮਾ ਸਹਾਇਤਾ ਰਾਸ਼ੀ ਦੁਖੀ ਪਰਿਵਾਰ ਨੂੰ ਇਸ ਔਖੇ ਸਮੇਂ ਵਿੱਚ ਕੁਝ ਹੱਦ ਤੱਕ ਆਰਥਿਕ ਸਹਾਰਾ ਪ੍ਰਦਾਨ ਕਰੇਗੀ।
ਇਸ ਮੌਕੇ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਸਬ-ਦਫ਼ਤਰ ਦੇ ਇੰਚਾਰਜ ਪ੍ਰੋ. ਅਵਤਾਰ ਸਿੰਘ, ਮੋਹਾਲੀ ਤੋਂ ਪੱਤਰਕਾਰ ਜਸਬੀਰ ਸਿੰਘ ਜੱਸੀ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰਵੀ ਇੰਦਰ ਸਿੰਘ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮੋਹਾਲੀ ਵਿਖੇ ਤਾਇਨਾਤ ਅਜੀਤ ਵੈੱਬ ਟੀਵੀ ਦੇ ਪੱਤਰਕਾਰ ਦਵਿੰਦਰ ਸਿੰਘ ਦੀ ਇਸ ਸਾਲ ਫਰਵਰੀ ਮਹੀਨੇ ਦੌਰਾਨ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੰਜਾਬ ਸਰਕਾਰ ਵੱਲੋਂ ਪੱਤਰਕਾਰ ਭਲਾਈ ਅਤੇ ਬੀਮਾ ਯੋਜਨਾ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਬੀਮਾ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
- Download Babushahi App
-
-