Canada Breaking: ਵੈਨਕੂਵਰ ਪੁਲੀਸ ਦੇ ਪੰਜਾਬੀ ਮੂਲ ਦੇ ਅਧਿਕਾਰੀ ’ਤੇ ਧੋਖਾਧੜੀ ਤੇ ਚੋਰੀ ਦੇ ਦੋਸ਼, ਸਾਥੀ ਸਮੇਤ ਗ੍ਰਿਫ਼ਤਾਰ
ਵੈਨਕੂਵਰ, 4 ਸਤੰਬਰ 2026: ਵੈਨਕੂਵਰ ਪੁਲੀਸ ਵਿਭਾਗ ਦੇ ਪੰਜਾਬੀ ਮੂਲ ਦੇ ਇੱਕ ਤਜਰਬੇਕਾਰ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਲਈ ਕੰਮ ਕਰਨ ਵਾਲੀ ਚੈਰਿਟੀ ਸੰਸਥਾ ਦੇ ਮੁਖੀ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਨੂੰ ਲੰਬੀ ਗੁਪਤ ਜਾਂਚ ਤੋਂ ਬਾਅਦ ਧੋਖਾਧੜੀ, ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਕਈ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਉਸ ਦੇ ਇੱਕ ਸਾਥੀ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਸਰੀ ਦੀ 129 ਸਟਰੀਟ ਅਤੇ 59 ਐਵੇਨਿਊ ਸਥਿਤ ਕੈਲ ਦੋਸਾਂਝ ਦੇ ਘਰ ਨੂੰ ਘੇਰ ਕੇ ਕਾਰਵਾਈ ਕੀਤੀ। ਤਲਾਸ਼ੀ ਦੌਰਾਨ ਪੁਲੀਸ ਅਧਿਕਾਰੀਆਂ ਨੂੰ ਕਈ ਦਸਤਾਵੇਜ਼ ਬਕਸਿਆਂ ਵਿੱਚ ਪਾ ਕੇ ਘਰ ਤੋਂ ਬਾਹਰ ਲਿਜਾਂਦੇ ਹੋਏ ਵੀ ਦੇਖਿਆ ਗਿਆ।
ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ ਨੇ ਦੋਸਾਂਝ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। 50 ਸਾਲਾ ਦੋਸਾਂਝ ’ਤੇ ਕੁੱਲ ਨੌਂ ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿੱਚ 5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ, 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਅਤੇ ਇੱਕ ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ ਦਾ ਦੋਸ਼ ਸ਼ਾਮਲ ਹੈ। ਉਸ ਦੇ 51 ਸਾਲਾ ਸਹਿ-ਦੋਸ਼ੀ ਸਰਬਜੀਤ ਸਿੰਘ ਗਿੱਲ ’ਤੇ ਧੋਖਾਧੜੀ ਅਤੇ ਚੋਰੀ ਦੇ ਛੇ ਦੋਸ਼ ਲਾਏ ਗਏ ਹਨ।
ਪੁਲੀਸ ਮੁਤਾਬਕ ਕਥਿਤ ਅਪਰਾਧਾਂ ਦਾ ਸਮਾਂ 8 ਦਸੰਬਰ 2017 ਤੋਂ 25 ਜੁਲਾਈ 2025 ਤੱਕ ਦਾ ਦੱਸਿਆ ਗਿਆ ਹੈ ਅਤੇ ਇਹ ਮਾਮਲੇ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਨਾਲ ਸਬੰਧਤ ਹਨ।
ਫਗਵਾੜਾ ਨੇੜਲੇ ਇੱਕ ਪਿੰਡ ਨਾਲ ਸਬੰਧਤ ਦੱਸੇ ਜਾਂਦੇ ਕੈਲ ਦੋਸਾਂਝ ਕਰੀਬ 20 ਸਾਲ ਤੋਂ ਵੈਨਕੂਵਰ ਪੁਲੀਸ ਵਿੱਚ ਸੇਵਾਵਾਂ ਨਿਭਾ ਰਹੇ ਸਨ। ਇਸ ਦੇ ਨਾਲ ਹੀ ਉਹ ਸਰੀ ਸਥਿਤ ‘ਕਿਡਜ਼ਪਲੇ ਫਾਊਂਡੇਸ਼ਨ’ ਨਾਲ ਜੁੜੇ ਹੋਏ ਸਨ ਅਤੇ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰੱਖਣ ਲਈ ਕੰਮ ਕਰਦੇ ਰਹੇ ਹਨ। ਸਥਾਨਕ ਭਾਈਚਾਰੇ ਵਿੱਚ ਉਨ੍ਹਾਂ ਦੀ ਇੱਕ ਸਮਾਜ ਸੇਵੀ ਵਜੋਂ ਵੀ ਪਛਾਣ ਦੱਸੀ ਜਾਂਦੀ ਹੈ।
ਮਾਮਲੇ ਸਬੰਧੀ ਸਾਹਮਣੇ ਆਈ ਜਾਣਕਾਰੀ ਵਿੱਚ ਕਥਿਤ ਤੌਰ ’ਤੇ ਵੱਡੀ ਰਕਮ ਦੇ ਨਿਵੇਸ਼ ਨਾਲ ਜੁੜੀ ਧੋਖਾਧੜੀ ਦੀ ਗੱਲ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਤੋਂ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਪੈਸਾ ਲਿਆ ਗਿਆ ਅਤੇ ਜਾਇਦਾਦਾਂ ਵਿੱਚ ਨਿਵੇਸ਼ ਕਰਨ ਦੀ ਗੱਲ ਕਹੀ ਗਈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਲੀਸ ਵੱਲੋਂ ਅਧਿਕਾਰਤ ਤੌਰ ’ਤੇ ਪੂਰੀ ਜਾਣਕਾਰੀ ਹਾਲੇ ਜਨਤਕ ਨਹੀਂ ਕੀਤੀ ਗਈ।
ਵੈਨਕੂਵਰ ਪੁਲੀਸ ਮੁਖੀ ਨੇ ਵੀ ਫਿਲਹਾਲ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਕਰਕੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ। ਪੁਲੀਸ ਦੀ ਅਗਲੀ ਜਾਣਕਾਰੀ ਤੋਂ ਬਾਅਦ ਹੀ ਮਾਮਲੇ ਵਿੱਚ ਕਥਿਤ ਵਿੱਤੀ ਘਪਲੇ ਦੀ ਪੂਰੀ ਤਸਵੀਰ ਸਪੱਸ਼ਟ ਹੋਣ ਦੀ ਉਮੀਦ ਹੈ।
- Download Babushahi App
-
-