CM Mann ਦੇ ਰੰਗਲਾ ਪੰਜਾਬ ਸੁਪਨੇ ਤਹਿਤ ਬਠਿੰਡਾ ਵਿਖੇ 'ਪੰਜਾਬ ਯੂਥ ਰਨ' ਕਰਵਾਉਣ ਦਾ ਫੈਸਲਾ
ਬਠਿੰਡਾ ਦੀਆਂ ਸੜਕਾਂ ’ਤੇ 13 ਸਤੰਬਰ ਨੂੰ ਪੰਜਾਬ ਯੂਥ ਰਨ ਵਿੱਚ ਦੌੜੇਗਾ ਨੌਜਵਾਨ ਪੰਜਾਬ: ਅਮਰਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 4 ਸਤੰਬਰ 2026 :ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਉਨ੍ਹਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਅਤੇ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਬਠਿੰਡਾ ਵਿੱਚ ਨੌਜਵਾਨਾਂ ਲਈ ਇੱਕ ਵੱਡੀ ਮੈਰਾਥਨ ‘ਪੰਜਾਬ ਯੂਥ ਰਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਦੌੜ ਨੌਜਵਾਨਾਂ ਨੂੰ ਫਿਟਨੈੱਸ, ਖੇਡਾਂ ਅਤੇ ਸਕਾਰਾਤਮਕ ਸੋਚ ਨਾਲ ਜੋੜਨ ਦੇ ਨਾਲ-ਨਾਲ ਨਸ਼ਿਆਂ ਖ਼ਿਲਾਫ਼ ਇੱਕ ਮਜ਼ਬੂਤ ਸਮਾਜਿਕ ਸੰਦੇਸ਼ ਵੀ ਦੇਵੇਗੀ।ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਪ੍ਰੋਗਰਾਮ ਦੇ ਇੰਚਾਰਜ ਬੀਰ ਦਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ‘ਪੰਜਾਬ ਯੂਥ ਰਨ’ ਦਾ ਆਯੋਜਨ 13 ਸਤੰਬਰ ਦੀ ਸਵੇਰ ਬਠਿੰਡਾ ਵਿੱਚ ਕੀਤਾ ਜਾਵੇਗਾ।
ਮੈਰਾਥਨ ਦੀ ਸ਼ੁਰੂਆਤ ਸਵੇਰੇ 7 ਵਜੇ ਪਾਵਰ ਹਾਊਸ ਰੋਡ ਸਥਿਤ ਪੁੱਡਾ ਮਾਰਕੀਟ ਤੋਂ ਹੋਵੇਗੀ। ਭਾਗੀਦਾਰ ਬੀਬੀਵਾਲਾ ਰੋਡ, ਫੌਜੀ ਚੌਕ ਅਤੇ ਪਾਵਰ ਹਾਊਸ ਰੋਡ ਤੋਂ ਹੁੰਦੇ ਹੋਏ ਮੁੜ ਪੁੱਡਾ ਮਾਰਕੀਟ ਪਹੁੰਚਣਗੇ, ਜਿੱਥੇ ਮੈਰਾਥਨ ਦੀ ਸਮਾਪਤੀ ਹੋਵੇਗੀ।ਪ੍ਰੈੱਸ ਕਾਨਫਰੰਸ ਦੌਰਾਨ ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਚੇਅਰਮੈਨ ਹਰਦੀਪ ਸਿੰਘ ਸਰਾਂ, ਯੂਥ ਜ਼ਿਲ੍ਹਾ ਪ੍ਰਧਾਨ ਰਾਮਨਦੀਪ ਸਿੰਘ ਅਤੇ ਸਿਟੀ ਪ੍ਰਧਾਨ ਆਸ਼ੀਸ਼ ਭਾਰਦਵਾਜ ਵੀ ਮੌਜੂਦ ਸਨ। ਇਸ ਮੌਕੇ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਖੇਡਾਂ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਸਕਾਰਾਤਮਕ ਸੋਚ ਵੀ ਪੈਦਾ ਕਰਦੀਆਂ ਹਨ।
ਇਸ ਮੌਕੇ ਅਮਰਜੀਤ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ‘ਰੰਗਲਾ ਪੰਜਾਬ’ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ‘ਪੰਜਾਬ ਯੂਥ ਰਨ’ ਇਸੇ ਉਦੇਸ਼ ਵੱਲ ਇੱਕ ਅਹਿਮ ਕਦਮ ਹੈ।ਪ੍ਰੋਗਰਾਮ ਦੇ ਇੰਚਾਰਜ ਬੀਰ ਦਵਿੰਦਰ ਸਿੰਘ ਨੇ ਮੈਰਾਥਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੰਜਾਬ ਯੂਥ ਰਨ’ਕਰੀਬ 5 ਕਿਲੋਮੀਟਰ ਲੰਬੀ ਹੋਵੇਗੀ। ਇਸ ਵਿੱਚ ਹਿੱਸਾ ਲੈਣ ਲਈ ਕਿਸੇ ਵੀ ਉਮਰ ਦੀ ਕੋਈ ਪਾਬੰਦੀ ਨਹੀਂ ਰੱਖੀ ਗਈ। ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਉਮਰ ਵਰਗ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅੰਡਰ-19, ਅੰਡਰ-35, ਅੰਡਰ-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਦੌੜ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਭਾਗੀਦਾਰਾਂ ਦੀ ਸਹੂਲਤ ਲਈ ਆਨਲਾਈਨ ਰਜਿਸਟ੍ਰੇਸ਼ਨ ਲਿੰਕ ਅਤੇ ਕਿਊਆਰ ਕੋਡ ਉਪਲਬਧ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੰਡਰ-19 ਵਰਗ ਦੇ ਭਾਗੀਦਾਰਾਂ ਲਈ ਰਜਿਸਟ੍ਰੇਸ਼ਨ ਫੀਸ 100 ਰੁਪਏ, ਜਦਕਿ 19 ਸਾਲ ਤੋਂ ਵੱਧ ਉਮਰ ਦੇ ਭਾਗੀਦਾਰਾਂ ਲਈ 150 ਰੁਪਏ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋੜਵੰਦ ਜਾਂ ਇੱਛੁਕ ਭਾਗੀਦਾਰਾਂ ਲਈ ਮੁਫ਼ਤ ਰਜਿਸਟ੍ਰੇਸ਼ਨ ਦਾ ਵਿਕਲਪ ਵੀ ਉਪਲਬਧ ਰੱਖਿਆ ਗਿਆ ਹੈ।ਮੈਰਾਥਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਭਾਗੀਦਾਰਾਂ ਨੂੰ ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਏ ਜਾਣਗੇ। ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ‘ਪੰਜਾਬ ਯੂਥ ਰਨ’ ਨੂੰ ਲੈ ਕੇ ਨੌਜਵਾਨਾਂ ਵਿੱਚ ਵਿਸ਼ੇਸ਼ ਉਤਸ਼ਾਹ ਪੈਦਾ ਕਰਨ ਲਈ ਆਕਰਸ਼ਕ ਨਕਦ ਇਨਾਮ ਰੱਖੇ ਗਏ ਹਨ। ਕੁੱਲ 40 ਜੇਤੂਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ ਅਤੇ ਇਨਾਮੀ ਰਾਸ਼ੀ ਕੁੱਲ 5.5 ਲੱਖ ਰੁਪਏ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਪਹਿਲੇ ਤਿੰਨ ਜੇਤੂਆਂ ਨੂੰ ਕੁੱਲ 3 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਉਮਰ ਵਰਗਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਹੋਰ ਭਾਗੀਦਾਰਾਂ ਨੂੰ ਵੀ ਆਕਰਸ਼ਕ ਨਕਦ ਇਨਾਮ ਪ੍ਰਦਾਨ ਕੀਤੇ ਜਾਣਗੇ।
ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ‘ਪੰਜਾਬ ਯੂਥ ਰਨ’ ਦਾ ਆਯੋਜਨ ਇਸ ਤੋਂ ਪਹਿਲਾਂ ਮੋਹਾਲੀ ਅਤੇ ਜਲੰਧਰ ਵਿੱਚ ਸਫਲਤਾਪੂਰਵਕ ਕੀਤਾ ਜਾ ਚੁੱਕਾ ਹੈ। ਦੋਵੇਂ ਥਾਵਾਂ ’ਤੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪ੍ਰੋਗਰਾਮ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ। ਹੁਣ ਬਠਿੰਡਾ ਵਿੱਚ ਵੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਇਸ ਦੌੜ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਸਵੇਰੇ 6 ਵਜੇ ਉਦਘਾਟਨੀ ਸਮਾਗਮ ਕਰਵਾਇਆ ਜਾਵੇਗਾ, ਜਦਕਿ ਸਵੇਰੇ 7 ਵਜੇ ਮੈਰਾਥਨ ਸ਼ੁਰੂ ਹੋਵੇਗੀ। ਉਨ੍ਹਾਂ ਸ਼ਹਿਰ ਦੇ ਨੌਜਵਾਨਾਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਪ੍ਰਬੰਧਕਾਂ ਨੇ ਕਿਹਾ ਕਿ ‘ਪੰਜਾਬ ਯੂਥ ਰਨ’ ਸਿਰਫ਼ ਇੱਕ ਮੈਰਾਥਨ ਨਹੀਂ, ਸਗੋਂ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਲਾਮਬੰਦ ਕਰਨ, ਫਿਟ ਪੰਜਾਬ ਦਾ ਸੰਦੇਸ਼ ਦੇਣ ਅਤੇ ਪੰਜਾਬ ਦੀ ਨੌਜਵਾਨ ਸ਼ਕਤੀ ਨੂੰ ਖੇਡਾਂ ਨਾਲ ਜੋੜਨ ਦਾ ਇੱਕ ਅਭਿਆਨ ਹੈ। ਉਨ੍ਹਾਂ ਉਮੀਦ ਜਤਾਈ ਕਿ ਬਠਿੰਡਾ ਵਿੱਚ ਹੋਣ ਵਾਲੀ ਇਹ ਦੌੜ ਨੌਜਵਾਨਾਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰੇਗੀ।
- Download Babushahi App
-
-