ਸੁਖਬੀਰ ਬਾਦਲ ਨੇ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਮੋਹਣਜੀਤ ਸਿੰਘ ਨਾਲ ਹਸਪਤਾਲ 'ਚ ਕੀਤੀ ਮੁਲਾਕਾਤ
ਅੰਮ੍ਰਿਤਧਾਰੀ ਸਿੱਖ ਮੋਹਣਜੀਤ ਸਿੰਘ ’ਤੇ ਤਸ਼ੱਦਦ ਢਾਹੁਣ ਵਾਲੇ ਤੇ ਧਾਰਮਿਕ ਗੁਨਾਹ ਕਰਨ ਵਾਲੇ ਅਫਸਰਾਂ ਨੂੰ ਬਰਖ਼ਾਸਤ ਕਰ ਕੇ ਉਹਨਾਂ ਖਿਲਾਫ ਕੇਸ ਦਰਜ ਕੀਤੇ ਜਾਣ: ਪ੍ਰਧਾਨ ਅਕਾਲੀ ਦਲ
ਸੁਖਬੀਰ ਬਾਦਲ ਨੇ ਕਿਹਾ ਪੰਜਾਬ ਇਕ ਪੁਲਿਸ ਰਾਜ ਨਹੀਂ, ਡੀ ਜੀ ਪੀ ਤੇ ਡੀ ਆਈ ਜੀ ਨਾਲ ਕੀਤੀ ਗੱਲਬਾਤ, ਐਨ ਐਚ ਆਰ ਸੀ ਨੂੰ ਪੱਤਰ ਲਿਖ ਕੇ ਨਿਸ਼ਚਿਤ ਸਮੇਂ ਅੰਦਰ ਨਿਰਪੱਖ ਜਾਂਚ ਕਰਵਾਉਣ ਦੀ ਕੀਤੀ ਅਪੀਲ
ਸੰਗਰੂਰ/ਚੰਡੀਗੜ੍ਹ, 4 ਸਤੰਬਰ 2026- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਨੌਜਵਾਨ ਤੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਮੋਹਣਜੀਤ ਸਿੰਘ ਸ਼ੇਰੋਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਖਿਲਾਫ ਫੌਜਕਾਰੀ ਕੇਸ ਦਰਜ ਕਰਨ ਅਤੇ ਇਹਨਾਂ ਸਾਰਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਸ਼ੇਰੋਂ ਵੱਲੋਂ 2 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਸਿਵਲ ਹਸਪਤਾਲ ਵਿਚ ਮੋਹਣਜੀਤ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਨਸ਼ਾ ਵਿਰੋਧੀ ਇਸ ਕਾਰਕੁੰਨ ਨੂੰ ਬਿਜਲੀ ਦੇ ਕਰੰਟ ਲਗਾਏ ਗਏ, ਇਸਦੇ ਬਲੇਡ ਮਾਰ ਕੇ ਪੱਟਾਂ ’ਤੇ ਕੱਟ ਲਗਾਏ ਤੇ ਫਿਰ ਉਹਨਾਂ ’ਤੇ ਲੂਣ ਰਗੜਿਆ ਗਿਆ ਤੇ ਚੱਪਲਾਂ ਨਾਲ ਇਹਨਾਂ ਦੀ ਕੁੱਟਮਾਰ ਕੀਤੀ ਗਈ। ਉਹਨਾਂ ਕਿਹਾ ਕਿ ਜੋ ਗੱਲ ਬਰਦਾਸ਼ਤਯੋਗ ਨਹੀਂ, ਉਹ ਇਹ ਹੈ ਕਿ ਡੀ ਐਸ ਪੀ ਹਰਵਿੰਦਰ ਸਿੰਘ ਖਹਿਰਾ ਤੇ ਐਸ ਐਚ ਓ ਪ੍ਰਤੀਕ ਜਿੰਦਲ ਨੇ ਇਸ ਅੰਮ੍ਰਿਤਧਾਰੀ ਸਿੱਖ ਮੋਹਣਜੀਤ ਸਿੰਘ ਵਾਲ ਤੇ ਪਾੜੀ ਪੁੱਟੀ ਅਤੇ ਉਸਦੇ ਧਾਰਮਿਕ ਕੱਕਾਰਾਂ ਦੀ ਬੇਅਦਬੀ ਕੀਤੀ ਤੇ ਨਾਲ ਹੀ ਸਿੱਖ ਨੌਜਵਾਨ ਦਾ ਕਚਛਿਰਾ ਵੀ ਪਾੜਿਆ।
ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਦੋਵਾਂ ਅਫਸਰਾਂ ਦੇ ਨਾਲ-ਨਾਲ ਇਸ ਨੌਜਵਾਨ ’ਤੇ ਤਸ਼ੱਦਦ ਢਾਹੁਲ ਅਤੇ ਇਸਦੇ ਧਾਰਮਿਕ ਕੱਕਾਰਾਂ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਸਾਰੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਣ ਅਤੇ ਉਹਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਰਾਜ ਵਿਚ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਮੋਹਣਜੀਤ ਸਿੰਘ ਨੇ ਤਾਂ ਪਿੰਡ ਸ਼ੇਖੋਂ ਵਿਚ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਜਨਤਕ ਪ੍ਰੋਗਰਾਮ ਦੌਰਾਨ ਇਕ ਕਾਲਾ ਕਪੜਾ ਲਹਿਰਾ ਕੇ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਸੀ। ਉਹਨਾਂ ਕਿਹਾ ਕਿ ਬਦਲੇ ਵਿਚ ਪੁਲਿਸ ਉਸਨੂੰ ਪੈ ਗਈ। ਉਹਨਾਂ ਦੱਸਿਆ ਕਿ ਮੋਹਣਜੀਤ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੁਲਿਸ ਅਫਸਰਾਂ ਨੇ ਉਸਦੇ ਕੇਸ ਪੁੱਟੇ ਅਤੇ ਉਸਦੇ ਕੰਨ ਦਾ ਪਰਦਾ ਫਾੜ ਦਿੱਤਾ ਜਿਸ ਕਾਰਨ ਉਸਨੂੰ ਇਕ ਕੰਨ ਤੋਂ ਸੁਣਾਈ ਨਹੀਂ ਦੇ ਰਿਹਾ ਅਤੇ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਉਸਦੀ ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਤ ਹੋ ਰਹੀ ਹੈ।
ਸਰਦਾਰ ਬਾਦਲ ਨੇ ਮੌਕੇ ’ਤੇ ਹੀ ਡੀ ਜੀ ਪੀ ਗੌਰਵ ਯਾਦਵ ਅਤੇ ਡੀ ਆਈ ਜੀ ਕੁਲਦੀਪ ਚਹਿਲ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਆਖਿਆ ਕਿ ਡੀ ਐਸ ਪੀ ਹਰਵਿੰਦਰ ਸਿੰਘ ਖਹਿਰਾ, ਜੋ ਕਿ ਆਪ ਦੇ ਪੰਜਾਬ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਦੇ ਕਮਾਊ ਪੁੱਤਰ ਵੀ ਹਨ, ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਫਿਰ ਚਾਰ ਮਹੀਨਿਆਂ ਬਾਅਦ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹਨਾਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ ਐਚ ਆਰ ਸੀ) ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਕਿ ਮੋਹਣਜੀਤ ਸਿੰਘ ਦੀ ਗੈਰ ਕਾਨੂੰਨੀ ਗ੍ਰਿਫਤਾਰੀ, ਉਸ ’ਤੇ ਤਸ਼ੱਦਦ ਢਾਹੁਣ ਤੇ ਉਸਦੇ ਧਾਰਮਿਕ ਕੱਕਾਰਾਂ ਦਾ ਅਪਮਾਨ ਕਰਨ ਦੇ ਮਾਮਲੇ ਦੀ ਇਕ ਨਿਸ਼ਚਿਤ ਸਮੇਂ ਵਿਚ ਜਾਂਚ ਹੋਵੇ। ਸਰਦਾਰ ਬਾਦਲ ਨੇ ਐਨ ਐਚ ਆਰ ਸੀ ਨੂੰ ਅਪੀਲ ਕੀਤੀ ਕਿ ਉਹ ਇਸਦੀ ਜਾਂਚ ਡਵੀਜ਼ਨ ਜਾਂ ਫਿਰ ਸੂਬੇ ਤੋਂ ਬਾਹਰਲੇ ਅਫਸਰ ਦੀ ਤਾਇਨਾਤੀ ਕਰਵਾ ਕੇ ਇਹ ਨਿਰਪੱਖ ਜਾਂਚ ਕਰਵਾਵੇ। ਉਹਨਾਂ ਨੇ ਕਮਿਸ਼ਨ ਨੂੰ ਇਹ ਵੀ ਆਖਿਆ ਕਿ ਉਹ ਮਾਮਲੇ ਵਿਚ ਪੰਜਾਬ ਦੇ ਡੀ ਜੀ ਪੀ ਤੋਂ ਕੀਤੀ ਗਈ ਕਾਰਵਾਈ ਰਿਪੋਰਟ ਵੀ ਤਲਬ ਕਰੇ ਅਤੇ ਨਸ਼ਾ ਵਿਰੋਧੀ ਕਾਰਕੁੰਨ ਦੀ ਜਾਨ ਮਾਲ ਲਈ ਖ਼ਤਰਾ ਬਣੇ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਮਿਸਾਲੀ ਕਾਰਵਾਈ ਕਰੇ।
ਅਕਾਲੀ ਦਲ ਦੇ ਪ੍ਰਧਾਨ ਨੇ ਐਨ ਐਚ ਆਰ ਸੀ ਨੂੰ ਇਹ ਵੀ ਆਖਿਆ ਕਿ ਉਹ ਮੁੱਖ ਮੰਤਰੀ ਦੇ ਜਨਤਕ ਪ੍ਰੋਗਰਾਮ ਦੇ ਨਾਲ-ਨਾਲ ਟਰਾਂਸਪੋਰਟ ਵਾਹਨਾਂ, ਪੁਲਿਸ ਥਾਣਿਆਂ ਤੇ ਮੈਡੀਕਲ ਸੈਂਟਰਾਂ ਦੀ ਸੀ ਸੀ ਟੀ ਵੀ ਫੁਟੇਜ ਦੀ ਸੰਭਾਲ ਲਈ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕਰੇ। ਇਸ ਮੌਕੇ ਸੀਨੀਅਰ ਪਾਰਟੀ ਆਗੂ ਅਰਵਿੰਦ ਖੰਨਾ ਅਤੇ ਵਿਨਰਜੀਤ ਗੋਲਡੀ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
- Download Babushahi App
-
-