ਰਾੜਾ ਸਾਹਿਬ ਨੇੜੇ ਬਣੇ ਪੁਲ ਦੇ ਕੰਮ ਦਾ ਝੂਠਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਆਪ– ਡਾ. ਅਮਰ ਸਿੰਘ
ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਤਹਿਤ ਸਾਲ 2021 ਵਿੱਚ ਐਮ.ਪੀ ਡਾ ਅਮਰ ਸਿੰਘ ਦੀ ਸਿਫ਼ਾਰਸ਼ ਅਤੇ ਦਸਤਖ਼ਤਾਂ ਨਾਲ ਮਨਜ਼ੂਰ ਹੋਇਆ ਸੀ ਇਹ ਪੁਲ - ਲੱਖਾ ਪਾਇਲ
ਲੋਕਾਂ ਦੀ ਹਾਜ਼ਰੀ ਵਿਚ ਐਮ.ਪੀ ਨੇ ਕੀਤੇ ਬਿੱਲ ਵਾਲੀ ਫਾਈਲ ਤੇ ਦਸਤਖਤ
ਸ਼੍ਰੀ ਫਤਿਹਗੜ੍ਹ ਸਾਹਿਬ
ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਰਾੜਾ ਸਾਹਿਬ ਨੇੜੇ ਬਣੇ ਪੁਲ ਦਾ ਦੌਰਾ ਕੀਤਾ ਅਤੇ ਮੌਕੇ 'ਤੇ ਹੀ ਦਸਤਾਵੇਜ਼ਾਂ ਸਮੇਤ ਇਹ ਸਾਬਤ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਪੁਲ ਨੂੰ ਲੈ ਕੇ ਕੀਤਾ ਜਾ ਰਿਹਾ ਪ੍ਰਚਾਰ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਹੈ।
ਡਾ. ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਨੇ ਇਸ ਪੁਲ ਦਾ ਉਦਘਾਟਨ ਕਰਕੇ ਵੱਡੇ-ਵੱਡੇ ਹੋਰਡਿੰਗ ਲਗਾਏ ਜਿਨ੍ਹਾਂ 'ਤੇ ਆਪਣੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਵਿੱਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਪੁਲ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।
ਉਨ੍ਹਾਂ ਦੱਸਿਆ ਕਿ ਇਹ ਪੁਲ ਕੇਂਦਰ ਸਰਕਾਰ ਦੀ "ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ" ਤਹਿਤ ਸਾਲ 2021 ਵਿੱਚ ਉਨ੍ਹਾਂ ਦੀ ਸਿਫ਼ਾਰਸ਼ ਅਤੇ ਦਸਤਖ਼ਤਾਂ ਨਾਲ ਮਨਜ਼ੂਰ ਹੋਇਆ ਸੀ।
ਡਾ. ਅਮਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਨੇ ਅੱਜ ਮੌਕੇ 'ਤੇ ਸਥਾਨਕ ਲੋਕਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਪ੍ਰਾਜੈਕਟ ਦੀ ਫਾਈਲ 'ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਕੰਮ ਪੂਰੇ ਹੋਣ ਤੋਂ ਬਾਅਦ ਬਿੱਲਾਂ ਅਤੇ ਫੰਡਾਂ ਦੀ ਅੰਤਿਮ ਪ੍ਰਕਿਰਿਆ ਵੀ ਸੰਸਦ ਮੈਂਬਰ ਦੇ ਪ੍ਰਮਾਣੀਕਰਨ ਅਤੇ ਦਸਤਖ਼ਤਾਂ ਨਾਲ ਹੀ ਪੂਰੀ ਹੁੰਦੀ ਹੈ। ਅੱਜ ਫਾਈਲ 'ਤੇ ਕੀਤੇ ਗਏ ਦਸਤਖ਼ਤ ਇਸ ਗੱਲ ਦਾ ਸਿੱਧਾ ਸਬੂਤ ਹਨ ਕਿ ਇਹ ਪ੍ਰਾਜੈਕਟ ਉਹਨਾਂ ਦੀ ਸਿਫਾਰਿਸ਼ ਨਾਲ ਕੇਂਦਰ ਸਰਕਾਰ ਦੀ ਯੋਜਨਾ ਅਧੀਨ ਬਣਿਆ ਹੈ।
ਡਾ ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਰਕਾਰੀ ਪੈਸੇ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਹੈ। ਆਮ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਦੇ ਕਰੋੜਾਂ ਰੁਪਏ ਬਰਬਾਦ ਕਰਕੇ ਇਹਨਾਂ ਪੈਸਿਆਂ ਨਾਲ ਇਸ਼ਤਿਹਾਰਬਾਜ਼ੀ, ਵੱਡੇ-ਵੱਡੇ ਹੋਰਡਿੰਗ, ਯੂਨੀਪੋਲ, ਬੋਰਡ ਅਤੇ ਸੋਸ਼ਲ ਮੀਡੀਆ 'ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਇੱਕ ਵਾਰ ਫੇਰ ਸੱਤਾ ਹਾਸਿਲ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਕਿਸੇ ਸਿਆਸੀ ਪਾਰਟੀ ਦੀ ਜਾਇਦਾਦ ਨਹੀਂ ਹੁੰਦਾ। ਇਹ ਪੈਸਾ ਦੇਸ਼ ਅਤੇ ਪੰਜਾਬ ਦੇ ਲੋਕਾਂ ਵੱਲੋਂ ਭਰੇ ਗਏ ਟੈਕਸ ਦਾ ਹੁੰਦਾ ਹੈ, ਜਿਸਦੀ ਵਰਤੋਂ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਲਈ ਹੋਣੀ ਚਾਹੀਦੀ ਹੈ, ਨਾ ਕਿ ਝੂਠੀ ਇਸ਼ਤਿਹਾਰਬਾਜ਼ੀ ਅਤੇ ਸਿਆਸੀ ਪ੍ਰਚਾਰ ਲਈ।
ਡਾ. ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਆਦਤ ਬਣ ਚੁੱਕੀ ਹੈ ਕਿ ਜਿਹੜੇ ਵਿਕਾਸ ਕਾਰਜ ਪਿਛਲੀ ਕਾਂਗਰਸ ਸਰਕਾਰ ਦੌਰਾਨ ਸ਼ੁਰੂ ਹੋਏ ਸੀ ਜਾਂ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਅਤੇ ਫੰਡ ਕੀਤੇ ਜਾਂਦੇ ਹਨ, ਉਨ੍ਹਾਂ 'ਤੇ ਆਪਣੇ ਆਗੂਆਂ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪਰ ਅੱਜ ਰਾੜਾ ਸਾਹਿਬ ਦੇ ਪੁਲ ਦੇ ਮਾਮਲੇ ਵਿੱਚ ਦਸਤਾਵੇਜ਼ਾਂ ਅਤੇ ਸਰਕਾਰੀ ਰਿਕਾਰਡ ਨੇ ਸੱਚਾਈ ਲੋਕਾਂ ਸਾਹਮਣੇ ਰੱਖ ਦਿੱਤੀ ਹੈ।
ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਝੂਠੇ ਪ੍ਰਚਾਰ ਦੀ ਰਾਜਨੀਤੀ ਛੱਡ ਕੇ ਲੋਕਾਂ ਨਾਲ ਸੱਚ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾੜਾ ਸਾਹਿਬ ਦਾ ਇਹ ਪੁਲ ਡਾ ਅਮਰ ਸਿੰਘ ਦੇ ਯਤਨਾਂ ਨਾਲ ਬਣਿਆ ਹੈ ਅਤੇ ਇਸਦਾ ਸਿਹਰਾ ਕਿਸੇ ਹੋਰ ਨੂੰ ਦੇਣ ਦੀ ਕੋਸ਼ਿਸ਼ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੈ। ਪੰਜਾਬ ਦੇ ਲੋਕ ਹੁਣ ਸੱਚ ਅਤੇ ਝੂਠ ਵਿੱਚ ਫਰਕ ਕਰਨਾ ਜਾਣਦੇ ਹਨ ਅਤੇ ਅਜਿਹੀ ਭਰਮਾਉਣ ਵਾਲੀ ਅਤੇ ਝੂਠ ਦੀ ਰਾਜਨੀਤੀ ਨੂੰ ਭਵਿੱਖ ਵਿਚ ਕਦੇ ਵੀ ਸਵੀਕਾਰ ਨਹੀਂ ਕਰਨਗੇ।
- Download Babushahi App
-
-