Babushahi Special - ਯੁੱਧ ਨਸ਼ਿਆਂ ਵਿਰੁੱਧ: ਕਿਹੜੇ ਗੁੱਟ ’ਤੇ ਬੰਨ੍ਹੇਂਗੀ ਭੈਣੇ ਰੱਖੜੀ ਨਾੜ ’ਚ ਸਰਿੰਜ ਰਹਿ ਗਈ
ਅਸ਼ੋਕ ਵਰਮਾ
ਬਠਿੰਡਾ , 18 ਜੁਲਾਈ 2026 : ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਏ ਪਰ ਹਕੀਕਤ ਇਹ ਹੈ ਕਿ ਬਠਿੰਡਾ ਅਤੇ ਮਾਨਸਾ ਜਿਲਿ੍ਹਆਂ ’ਚ ਨਾਂ ਤਾਂ ਨਸ਼ੇ ਦਾ ਕਾਰੋਬਾਰ ਰੁਕਿਆ ਹੈ ਤੇ ਨਾਂ ਹੀ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਈ ਹੈ। ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿਚਲਾ ਪਿੰਡ ਹੁਣ ਪੰਜਾਬ ਚੋਂ ਰੁਖ਼ਸਤ ਹੋ ਗਿਆ ਜਾਪਦਾ ਹੈ। ਜਦੋਂ ਅੱਜ ਦੇ ਪਿੰਡ ਦੇਖਦੇ ਹਾਂ ਤਾਂ ਸਿਵਿਆਂ ’ਚ ਭੀੜਾਂ ਅਤੇ ਸੱਥਾਂ ’ਚ ਸੁੰਨ ਪਸਰੀ ਨਜ਼ਰ ਪੈਂਦੀ ਹੈ। ਪੰਜਾਬ ਅੱਜ ਉਦਾਸ ਹੈ, ਪ੍ਰੇਸ਼ਾਨ ਹੈ ਅਤੇ ਬੇਚੈਨ ਵੀ ਹੈ। ਬਿਨਾਂ ਰੂਹ ਤੋਂ ਵੈਰਾਨ ਪਿੰਡ ਹੁਣ ਝੱਲੇ ਨਹੀਂਓ ਜਾ ਰਹੇ ਅਤੇ ਝੱਲ ਨਹੀਓਂ ਹੁੰਦੇ, ਮਾਵਾਂ ਦੀਆਂ ਵੈਣ ਤੇ ਨਿੱਤ ਦਿਨ ਪਿੰਡੋਂ ਪਿੰਡ ਵਿਛਦੇ ਸੱਥਰ। ਪੰਜਾਬ ਦਾ ਗੱਚ ਭਰਦਾ ਹੈ ਜਦੋਂ ਜਵਾਨ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ ਸਿਵਿਆਂ ਵੱਲ ਜਾਂਦੇ ਬਾਪ ਨੂੰ ਦੇਖਦਾ ਹੈ।
ਸ਼ੁੱਕਰਵਾਰ ਨੂੰ ਇੱਕ ਹੀ ਦਿਨ ’ਚ ਨਸ਼ੇ ਨੇ ਤਿੰਨ ਕੜੀ ਵਰਗੇ ਗੱਭਰੂਆਂ ਨੂੰ ਰਾਖ ਕਰ ਦਿੱਤਾ ਹੈ। ਇੰਨ੍ਹਾਂ ਚੋਂ ਦੋ ਮੌਤਾਂ ਮਾਨਸਾ ਜਿਲ੍ਹੇ ’ਚ ਹੋਈਆਂ ਹਨ ਜਦੋਂਕਿ ਇੱਕ ਬਠਿੰਡਾ ’ਚ ਹੋਈ ਹੈ। ਰਤਾ ਪਿਛਾਂਹ ਝਾਤੀ ਮਾਰੀਏ ਤਾਂ ਇਕੱਲੇ ਬਠਿੰਡਾ ’ਚ ਇੱਕ ਮਹੀਨੇ ਦੌਰਾਨ ਨਸ਼ਿਆਂ ਕਾਰਨ 10 ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ’ਚ ਤਾਜਾ ਮਾਮਲਾ ਵੀਰਵਾਰ ਰਾਤ ਦੇਰ ਰਾਤ ਸਾਹਮਣੇ ਆਇਆ ਹੈ ਜਿਦੋਂ ਸੰਜੇ ਨਗਰ ’ਚ ਇੱਕ 30 ਸਾਲ ਦੇ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ। ਉਸ ਦੀ ਗਲੀ ਸੜੀ ਲਾਸ਼ ਰੇਲਵੇ ਫਾਟਕ ਦੇ ਨਜ਼ਦੀਕ ਝਾੜੀਆਂ ਚੋਂ ਬਰਾਮਦ ਹੋਈ ਹੈ। ਸੰਜੇ ਨਗਰ ਦੀਆਂ ਝਾੜੀਆਂ ’ਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਮੌਕੇ ’ਤੇ ਪੁੱਜੀ ਸੀ। ਟੀਮ ਨੇ ਦੇਖਿਆ ਕਿ ਝਾੜੀਆਂ ’ਚ ਇੱਕ ਲਾਸ਼ ਪਈ ਹੈ ਜਿਸ ’ਚ ਕੀੜੇ ਪੈ ਗਏ ਹਨ। ਲਾਸ਼ ਤਕਰੀਬਨ ਦੋ ਦਿਨ ਪੁਰਾਣੀ ਲੱਗ ਰਹੀ ਸੀ।
ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ (30) ਵਾਸੀ ਸੰਜੇ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਅੰਮ੍ਰਿਤਪਾਲ ਪਿਛਲੇ ਕਰੀਬ ਛੇ ਸਅਲਾਂ ਦੋਂ ਚਿੱਟੇ ਦਾ ਆਦੀ ਸੀ। ਪ੍ਰੀਵਾਰ ਨੇ ਕਈ ਵਾਰ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਨਸ਼ਾ ਮੁਕਤੀ ਕੇਂਦਰ ’ਚ ਵੀ ਭਰਤੀ ਕਰਵਾਇਆ ਪਰ ਉਸ ਦਾ ਨਸ਼ਾ ਨਹੀਂ ਛੁੱਟ ਸਕਿਆ ਹੈ। ਪ੍ਰੀਵਾਰ ਅਨੁਸਾਰ ਉਹ 2 ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਪ੍ਰੀਵਾਰ ਨੇ ਦੱਸਿਆ ਕਿ ਉਸ ਦੀ ਮੌਤ ਦਾ ਕਾਰਨ ਚਿੱਟਾ ਹੀ ਹੈ। ਮ੍ਰਿਤਕ ਬੇਰੁਜ਼ਗਾਰ ਸੀ ਜੋ ਆਪਣੇ ਪਿੱਛੇ ਦੋ ਛੋਟੀਆਂ ਬੱਚੀਆਂ ਛੱਡ ਗਿਆ ਹੈ। ਸੰਜੇ ਨਗਰ ਵਾਸੀਆਂ ਦੇ ਸੁਆਲ ਹਨ ਕਿ ਮੁੱਖ ਮੰਤਰੀ ਦਾ ‘ਨਸ਼ਾ ਮੁਕਤ ਪੰਜਾਬ’ ਕਿਥੇ ਹੈ? ਕਿੰਨੇ ਕੁ ‘ਚਿੱਟਾ’ ਵੇਚਣ ਲੀਡਰ ਜੇਲ੍ਹਾਂ ’ਚ ਹਨ? ਘਰਾਂ ’ਚ ਵੈਣ ਪੈਣੋਂ ਕਿਉਂ ਨਹੀਂ ਰੁਕ ਰਹੇ? ਸ਼ਮਸ਼ਾਨਘਾਟਾਂ ਤੇ ਪਾਰਕਾਂ ’ਚ ਸਰਿੰਜਾਂ ਦੇ ਢੇਰ ਕਿਉਂ ਹਨ?
ਇਸੇ ਤਰਾਂ ਹੀ ਮਾਨਸਾ ਜਿਲ੍ਹੇ ’ਚ ਨਸ਼ੇ ਦੀ ਓਵਰ ਡੋਜ਼ ਕਾਰਨ ਦੋ ਗੱਭਰੂਆਂ ਦੀ ਮੌਤ ਹੋਈ ਹੈ। ਪਹਿਲੀ ਮੌਤ ਮਾਨਸਾ ਦੇ ਵਾਰਡ ਨੰਬਰ 23 ਨਿਵਾਸੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਲਖਵਿੰਦਰ ਸਿੰਘ ਦੀ ਹੋਈ ਹੈ। ਪਤਾ ਲੱਗਿਆ ਹੈ ਕਿ ਨਸ਼ੇ ਦਾ ਟੀਕਾ ਲਾਉਣ ਕਾਰਨ ਉਸ ਦੀ ਹਾਲਤ ਵਿਗੜੀ ਜਿਸ ਕਰਕੇ ਉਹ ਚੱਲ ਵੱਸਿਆ । ਹਰਪ੍ਰੀਤ ਦੀ ਪਤਨੀ ਦਾ ਕਹਿਣਾ ਸੀ ਕਿ ਵਾਰਡ ਨੰਬਰ 23 ’ਚ ਵੱਡੀ ਗਿਣਤੀ ਨੌਜਵਾਨ ਚਿੱਟੇ ਦੀ ਮਾਰ ਹੇਠ ਹਨ ਪਰ ਪ੍ਰਸ਼ਾਸ਼ਨ ਅਤੇ ਸਰਕਾਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਉਸ ਨੇ ਕਿਹਾ ਕਿ ਨਸ਼ਾ ਖਤਮ ਕਰਨ ਦਾ ਜਨਤਕ ਐਲਾਨ ਹੋਇਆ ਸੀ ਪਰ ਤਸਕਰੀ ਦੇ ਰਾਹ ਹਾਲੇ ਰੁਕੇ ਨਹੀਂ ਹਨ। ਲੋਕਾਂ ਨੇ ਆਖਿਆ ਕਿ ਸਿਆਸਤ ਤੋਂ ਉੱਪਰ ਉੱਠ ਕੇ ਸਭਨਾਂ ਧਿਰਾਂ ਨੂੰ ਚਿੱਟੇ ਖ਼ਿਲਾਫ਼ ਸਾਂਝੀ ਜੰਗ ਲੜਨਾ ਵਕਤ ਦੀ ਅਣਸਰਦੀ ਲੋੜ ਹੈ ਨਹੀਂ ਤਾਂ ਨਸ਼ਿਆਂ ਕਾਰਨ ਮੌਤਾਂ ਹੁੰਦੀਆਂ ਰਹਿਣਗੀਆਂ।
ਦੂਸਰਾ ਮਾਮਲਾ ਪਿੰਡ ਖਿਆਲਾ ਦਾ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ 24 ਸਾਲ ਦੇ ਮਲਕੀਤ ਸਿੰਘ ਦੀ ਮੌਤ ਹੋਈ ਹੈ। ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਮਲਕੀਤ ਸਿੰਘ ਦੇ ਦੋਸਤ ਉਸ ਨੂੰ ਘਰ ਤੋਂ ਆਪਣੇ ਨਾਲ ਲੈ ਗਏ ਸਨ ਅਤੇ ਦੇਰ ਰਾਤ ਨਸ਼ੇ ਦੀ ਹਾਲਤ ’ਚ ਵਾਪਿਸ ਘਰ ਛੱਡਿਆ ਸੀ। ਉਨ੍ਹਾਂ ਦੱਸਿਆ ਕਿ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਐਸਐਚਓ ਸੁਖਜੀਤ ਸਿੰਘ ਦਾ ਕਹਿਣਾ ਸੀ ਕਿ ਹਰਪ੍ਰੀਤ ਨੇ ਸ਼ਰਾਬ ਜਿਆਦਾ ਪੀਤੀ ਅਤੇ ਰਾਤ ਨੂੰ ਖਾਣਾ ਖਾਕੇ ਸੌਂ ਗਿਆ। ਉਨ੍ਹਾਂ ਹਰਪ੍ਰੀਤ ਦੀ ਮੌਤ ਸਬੰਧੀ ਵੱਧ ਸ਼ਰਾਬ ਪੀਣ ਅਤੇ ਦਿਲ ਦਾ ਦੌਰਾ ਪੈਣ ਦਾ ਸ਼ੱਕ ਜਤਾਇਆ ਹੈ। ਪੁਲਿਸ ਚੌਂਕੀ ਠੂਠਿਆਂ ਵਾਲੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਮਲਕੀਤ ਦੀ ਮੌਤ ਸਬੰਧੀ ਪ੍ਰਦੀਪ ਸਿੰਘ , ਪਰਗਟ ਸਿੰਘ ਅਤੇ ਟਿੱਡਾ ਆਦਿ ਖਿਲਾਫ ਕੇਸ ਦਰਜ ਕੀਤਾ ਹੈ ਜਿੰਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
ਨਸ਼ਾ ਨਹੀਂ ਰੁਕ ਸਕਿਆ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਆਖਦੀ ਹੈ ਕਿ ਹਜ਼ਾਰਾਂ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਤਾਂ ਫਿਰ ਮੁੰਡਿਆਂ ਕੋਲ ਨਸ਼ਾ ਕਿੱਦਾਂ ਪੁੱਜ ਰਿਹਾ ਹੈ ? ਉਨ੍ਹਾਂ ਕਿਹਾ ਕਿ ਛੋਟੇ ਤਸਕਰ ਜਰੂਰ ਫੜੇ ਗਏ ਹਨ ਪਰ ਨਸ਼ਾ ਤਸਕਰੀ ਨੂੰ ਸਰਪ੍ਰਸਤੀ ਦੇਣ ਵਾਲੇ ਨਹੀਂ ਜਿਸ ਕਰਕੇ ਸਿਵੇ ਲਗਾਤਾਰ ਬਲ ਰਹੇ ਹਨ।
- Download Babushahi App
-
-