ਕੇਲੋਨਾ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਭਰੀ ਹਾਜਰੀ
ਹਰਦਮ ਮਾਨ
ਕੇਲੋਨਾ, 2 May ਅਪ੍ਰੈਲ 2026 : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੇਲੋਨਾ ਵਿਖੇ ਓਕਨਾਗਨ ਸਿੱਖ ਟੈਂਪਲ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 16ਵਾਂ ਨਗਰ ਕੀਰਤਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਇਆ ਗਿਆ। ਸਾਜ਼ਗਾਰ ਮੌਸਮ ਦੇ ਦਰਮਿਆਨ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਤਕਰੀਬਨ 15 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ, ਜਿਸ ਨਾਲ ਪੂਰਾ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਇਆ।
ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਦੀ ਵਿਸ਼ੇਸ਼ ਖਿੱਚ 'ਓਕਨਾਗਨ ਪੰਜਾਬੀ ਰਾਈਡਰਜ਼ ਮੋਟਰਸਾਈਕਲ ਕਲੱਬ' ਦੇ ਸਵਾਰ ਸਨ, ਜੋ ਆਪਣੇ ਸਜੇ ਹੋਏ ਮੋਟਰਸਾਈਕਲਾਂ ਨਾਲ ਪਰੇਡ ਦੀ ਅਗਵਾਈ ਕਰ ਰਹੇ ਸਨ। ਸ਼ਰਧਾਲੂਆਂ ਵੱਲੋਂ ਆਪਣੇ ਟਰੈਕਟਰਾਂ ਨੂੰ ਸੁੰਦਰ ਢੰਗ ਨਾਲ ਸਜਾ ਕੇ ਪਰੇਡ ਵਿੱਚ ਸ਼ਾਮਲ ਕੀਤਾ ਗਿਆ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪੇਸ਼ ਕੀਤੇ ਗਏ ਗੱਤਕੇ ਦੇ ਜੌਹਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਵਾਰ ਨਗਰ ਕੀਰਤਨ ਦਾ ਇੱਕ ਅਹਿਮ ਪਹਿਲੂ ਪੁਸਤਕ ਪ੍ਰਦਰਸ਼ਨੀਆਂ ਰਹੀਆਂ। 'ਗੁਲਾਟੀ ਪਬਲਿਸ਼ਰਜ਼ ਸਰੀ' ਦੇ ਹਰਦਮ ਸਿੰਘ ਮਾਨ ਅਤੇ 'ਸਾਂਝਾ ਪੰਜਾਬ' ਵੱਲੋਂ ਲਗਾਈਆਂ ਗਈਆਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਪਾਠਕਾਂ ਨੇ ਭਾਰੀ ਦਿਲਚਸਪੀ ਦਿਖਾਈ। ਸ਼ਿੰਦਾ ਢਿੱਲੋਂ, ਸ਼ਾਇਰ ਪਾਲ ਢਿੱਲੋਂ, ਬਲਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਸਕੱਤਰ ਇੰਦਰਜੀਤ ਸਿੰਘ ਸੰਧੂ ਨੇ ਨੌਜਵਾਨ ਪੀੜ੍ਹੀ ਵੱਲੋਂ ਕਿਤਾਬਾਂ ਪ੍ਰਤੀ ਦਿਖਾਏ ਗਏ ਇਸ ਪਿਆਰ ਨੂੰ ਇੱਕ ਬਹੁਤ ਹੀ ਸ਼ੁਭ ਸੰਕੇਤ ਅਤੇ ਮਹੱਤਵਪੂਰਨ ਮੋੜ ਦੱਸਿਆ।
ਗੁਰਦੁਆਰਾ ਸਾਹਿਬ ਦੀ ਪਾਰਕਿੰਗ ਅਤੇ ਪਰੇਡ ਦੇ ਰਸਤੇ ਵਿੱਚ ਵੱਖ-ਵੱਖ ਕਾਰੋਬਾਰੀਆਂ, ਬੈਂਕਾਂ ਅਤੇ ਸੰਸਥਾਵਾਂ ਵੱਲੋਂ ਦਰਜਨਾਂ ਸਟਾਲ ਲਗਾਏ ਗਏ ਸਨ। ਸੇਵਾਦਾਰਾਂ ਵੱਲੋਂ ਸੰਗਤਾਂ ਲਈ ਮੁਫ਼ਤ ਲੰਗਰ, ਫਲ ਅਤੇ ਤਾਜ਼ਗੀ ਭਰਪੂਰ ਪੀਣ ਵਾਲੇ ਪਦਾਰਥਾਂ ਦੀ ਸੇਵਾ ਅਤੁੱਟ ਵਰਤਾਈ ਗਈ। ਸਥਾਨਕ ਲੋਕ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ ਕੇ ਇਸ ਸਾਂਝੀਵਾਲਤਾ ਦੇ ਪ੍ਰਤੀਕ ਸਮਾਗਮ ਦਾ ਹਿੱਸਾ ਬਣੇ।
ਨਗਰ ਕੀਰਤਨ ਦੀ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਇੰਦਰਜੀਤ ਸਿੰਘ ਸੰਧੂ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਸ਼ਾਮਲ ਹੋਈਆਂ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗੀ ਅਦਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਹ ਸਮਾਗਮ ਧਾਰਮਿਕ ਅਕੀਦਤ ਅਤੇ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਬਣ ਕੇ ਸੰਪੰਨ ਹੋਇਆ।
Click to Follow Babushahi Facebook page →