ਸੇਂਟ ਕਬੀਰ ਪਬਲਿਕ ਸਕੂਲ ਦੇ ਅਧਿਆਪਕ ਪੀ.ਐਸ. ਚਾਹਲ ਨੂੰ ਸਨੇਹ ਭਰੀ ਵਿਦਾਇਗੀ
ਵਿਦਾਇਗੀ ਮੌਕੇ ਪ੍ਰਿੰਸੀਪਲ ਐਸ.ਬੀ.ਨਾਯਰ , ਪ੍ਰਬੰਧਕ ਕਮੇਟੀ ਮੈਂਬਰ ਅਤੇ ਅੰਗਰੇਜ਼ੀ ਵਿਭਾਗ ਦੇ ਅਧਿਆਪਕ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ
ਸੇਵਾ ਮੁਕਤ ਹੋਣਾ ਇੱਕ ਅਜਿਹਾ ਮੌਕਾ ਹੁੰਦਾ ਹੈ ਜਿਸ ਵਿੱਚ ਖੁਸ਼ੀ ਤੇ ਗਮੀ ਦੇ ਭਾਵ ਦੋਵੇਂ ਇਕੱਠਿਆਂ ਆਉਂਦੇ ਹਨ। ਇਹੋ ਜਿਹੇ ਪਲਾਂ ਨੂੰ ਮਾਣਦੇ ਹੋਏ ਸੇਂਟ ਕਬੀਰ ਪਬਲਿਕ ਸਕੂਲ ਦੇ ਮਜ਼ਬੂਤ ਥੰਮ੍ਹ, ਹੋਣਹਾਰ ਤੇ ਮਿਹਨਤੀ ਅਧਿਆਪਕ ਪੀ.ਐਸ. ਚਾਹਲ ਜੀ ਨੂੰ ਅੱਜ ਸਕੂਲ ਵੱਲੋਂ ਪੂਰੇ ਮਾਣ- ਸਤਿਕਾਰ ਅਤੇ ਭਾਵਪੂਰਵਕਤਾ ਨਾਲ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਦੀ ਰਹਿਨੁਮਾਈ ਹੇਠ ਸਵੇਰ ਦੀ ਸਭਾ ਦੌਰਾਨ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਜਿੱਥੇ ਅਧਿਆਪਕ ਪੀ.ਐਸ. ਚਾਹਲ ਜੀ ਦੁਆਰਾ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ ਗਈ। ਸਕੂਲ ਪਹੁੰਚਣ ਤੇ ਸਮੁੱਚੇ ਸਕੂਲੀ ਅਧਿਆਪਕਾਂ ਦੁਆਰਾ ਆਪ ਜੀ ਦਾ ਨਿੱਘਾ ਸੁਆਗਤ ਕਰਦਿਆਂ ਸਟੇਜ ਤੱਕ ਲਿਜਾਇਆ ਗਿਆ। ਇਸ ਮੌਕੇ ਮੈਡਮ ਰਾਜਵਿੰਦਰ ਕੌਰ ਦੁਆਰਾ ਸਟੇਜ਼ੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ। ਅੰਗਰੇਜ਼ੀ ਵਿਭਾਗ ਦੇ ਅਧਿਆਪਕ ਮੈਡਮ ਮੋਨਿਕਾ ਸੈਣੀ ਅਤੇ ਵਿਭਾਗ ਮੁਖੀ ਅਮਿਤ ਸਿੰਘ ਦੁਆਰਾ ਆਪ ਜੀ ਨਾਲ ਬਿਤਾਏ ਹੋਏ ਪਲਾਂ ਨੂੰ ਸਾਂਝੇ ਕੀਤਾ ਗਿਆ। ਪ੍ਰਿੰਸੀਪਲ ਸ੍ਰੀ ਨਾਯਰ ਜੀ ਦੁਆਰਾ ਵੀ ਅਧਿਆਪਕ ਪੀ.ਐਸ ਚਾਹਲ ਜੀ ਦੇ 2005 ਤੋਂ ਲੈ ਕੇ 2026 ਤੱਕ ਦੇ ਸੇਵਾ- ਕਾਲ ਦੀ ਬਾਖ਼ੂਬੀ ਤਾਰੀਫ਼ ਕੀਤੀ ਗਈ। ਕਿਉਂਕਿ ਇੱਕ ਕਾਮਯਾਬ ਅਧਿਆਪਕ ਹੀ ਆਪਣੇ ਕਾਰਜਕਾਲ ਤੋਂ ਬੇਦਾਗ ਸੇਵਾ ਮੁਕਤੀ ਲੈ ਸਕਦਾ ਹੈ।
ਅਧਿਆਪਕ ਪੀ.ਐਸ. ਚਾਹਲ ਜੀ ਦੁਆਰਾ ਵੀ ਸਕੂਲ ਸੰਸਥਾਪਕ ਸਰਦਾਰ ਹਰਪਾਲ ਸਿੰਘ ਜੀ ਦੇ ਅਹਿਸਾਨਾਂ ਨੂੰ ਯਾਦ ਕਰਦਿਆਂ ਹੋਇਆ ਦਿਲੋਂ ਸਤਿਕਾਰ ਦਿੱਤਾ ਗਿਆ ਅਤੇ ਹਮੇਸ਼ਾ ਬੱਚਿਆਂ ਨੂੰ ਮਿਹਨਤ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਆਸ਼ੀਰਵਾਦ ਦਿੱਤਾ ।
ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਦੁਆਰਾ ਆਪ ਜੀ ਦਾ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਭਰਨ ਤੇ ਆਪ ਦੁਆਰਾ ਪੜ੍ਹਾਏ ਹੋਏ ਵਿਦਿਆਰਥੀਆਂ ਦਾ ਉੱਚੇ ਮੁਕਾਮਾਂ ਤੱਕ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਆਪ ਜੀ ਨੂੰ ਸਕੂਲ ਵੱਲੋਂ ਅਤੇ ਅੰਗਰੇਜ਼ੀ ਵਿਭਾਗ ਦੇ ਅਧਿਆਪਕਾਂ ਵੱਲੋਂ ਯਾਦਗਿਰੀ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਵਿਸ਼ਾਲ ਸਿੰਘ ਟੇਨ ਸਿੰਘ, ਅਮਨਪ੍ਰੀਤ ਕੌਰ, ਅਮਿਤ ਸਿੰਘ, ਮੈਡਮ ਜਸਵਿੰਦਰ ਕੌਰ ਸਮੇਤ ਸਮੁੱਚੇ ਸਟਾਫ਼ ਮੈਂਬਰ ਹਾਜ਼ਰ ਸਨ।
Click to Follow Babushahi Facebook page →