ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ
ਬੰਗਾ 28 ਮਾਰਚ 2026:
ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੇ ਜੱਦੀ ਪਿੰਡਾਂ ਲਈ ਬਹੁਤ ਮੋਹ-ਪਿਆਰ ਰੱਖਦੇ ਹਨ ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਭੂਤਾਂ ਦੇ ਜੰਮਪਲ ਅਤੇ ਹੁਣ ਕੈਲਗਿਰੀ ਕੈਨੇਡਾ ਨਿਵਾਸੀ ਸ. ਜੋਗਾ ਸਿੰਘ ਰਾਏ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਭੂਤਾਂ ਦੇ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਬੈੱਡ ਫਰੀ ਕਰਵਾਇਆ। ਪਿੰਡ ਭੂਤਾਂ ਦੇ ਵਾਸੀਆਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਲਈ ਸ. ਜੋਗਾ ਸਿੰਘ ਰਾਏ ਦੇ ਭਾਣਜੇ ਗੁਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਭੂਤਾਂ ਅੱਜ ਢਾਹਾਂ ਕਲੇਰਾਂ ਪੁੱਜੇ । ਉਹਨਾਂ ਨੇ ਗੱਲਬਾਤ ਕਰਦੇ ਹੋਏ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਨੂੰ ਮਿਲਦੀਆਂ ਮਿਆਰੀ ਮੈਡੀਕਲ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਰਾਏ ਪਰਿਵਾਰ ਵੱਲੋਂ ਭਵਿੱਖ ਵਿੱਚ ਵੀ ਢਾਹਾਂ ਕਲੇਰਾਂ ਵਿਖੇ ਚੱਲ ਜਾ ਰਹੇ ਵੱਖ-ਵੱਖ ਲੋਕ ਭਲਾਈ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਦਿੱਤਾ ਜਾਵੇਗਾ ।
ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ. ਜੋਗਾ ਸਿੰਘ ਰਾਏ ਕੈਲਗਿਰੀ ਵੱਲੋਂ ਆਪਣੇ ਪਿਤਾ ਸਵ. ਸ. ਚਰਨ ਸਿੰਘ ਰਾਏ ਦੀ ਯਾਦ ਵਿਚ ਪਿੰਡ ਭੂਤਾਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਦੇ ਨੇਕ ਉੱਦਮ ਦੀ ਸ਼ਲਾਘਾ ਕਰਦੇ ਦੱਸਿਆ ਕਿ ਹੁਣ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਹੋ ਕੇ ਇਲਾਜ ਕਰਵਾਉਣ ਵਾਲੇ ਪਿੰਡ ਭੂਤਾਂ ਦੇ ਵਾਸੀ ਮਰੀਜ਼ਾਂ ਨੂੰ ਫਰੀ ਬੈੱਡ ਸੇਵਾ ਦੀ ਸਹੂਲਤ ਮਿਲੇਗੀ। ਉਹਨਾਂ ਨੇ ਪਿੰਡ ਭੂਤਾਂ ਵਾਸੀਆਂ ਨੂੰ ਹਸਪਤਾਲ ਵਿਖੇ ਮਿਲਦੀਆਂ ਮਿਆਰੀ ਮੈਡੀਕਲ ਇਲਾਜ ਸੇਵਾਵਾਂ ਦਾ ਲਾਭ ਲੈਣ ਲਈ ਅਪੀਲ ਕੀਤੀ । ਇਸ ਮੌਕੇ ਦਾਨੀ ਪਰਵਾਰਿਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ । ਸਨਮਾਨ ਦੀ ਇਸ ਰਸਮ ਸਮੇਂ ਸ.ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਸ.ਹਰਦੇਵ ਸਿੰਘ ਢਾਹਾਂ ਯੂ.ਕੇ. ਅਤੇ ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
Click to Follow Babushahi Facebook page →