ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਕੀਤੀ ਜਾਵੇਗੀ ਲਾਮਬੰਦੀ ਤੇਜ਼- ਫੈਡਰੇਸ਼ਨ ਵਿਗਿਆਨਿਕ
ਅਬੋਹਰ 16 ਮਾਰਚ 2026- ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ (ਵਿਗਿਆਨਿਕ) ਦੀ ਅਬੋਹਰ ਇਕਾਈ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਘੱਲੂ ਦੀ ਪ੍ਰਧਾਨਗੀ ਹੇਠ ਹੋਈ। ਮੰਚ ਸੰਚਾਲਨ ਚੇਅਰਮੈਨ ਅਮੀਰ ਸਿੰਘ ਨੇ ਕੀਤਾ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਮੁਲਾਜ਼ਮਾ ਅਤੇ ਅਧਿਆਪਕਾਂ ਤੇ ਕੀਤੇ ਪੁਲਸੀਆ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਉੱਚੇਚੇ ਤੌਰ ਤੇ ਪਹੁੰਚੇ ਪਸਸਫ (ਵਿਗਿਆਨਕ) ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੰਬੋਜ, ਵਿੱਤ ਸਕੱਤਰ ਰੇਸ਼ਮ ਸਿੰਘ, ਟੀ.ਐਸ.ਯੂ. ਦੇ ਪ੍ਰਧਾਨ ਸੁਰਜੀਤ ਸਿੰਘ ਨੇ ਮੁਲਾਜ਼ਮਾ ਨੂੰ ਇੱਕਮੁੱਠ ਹੋ ਕਿ ਸਰਕਾਰ ਖਿਲਾਫ ਸੰਘਰਸ਼ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ। ਸਰਕਾਰ ਦੇ ਬਜਟ ਵਿੱਚ ਮੁਲਾਜ਼ਮਾਂ ਲਈ ਕੁਝ ਵੀ ਐਲਾਨ ਨਹੀਂ ਕੀਤਾ ਗਿਆ।
ਸਰਕਾਰ 16% ਡੀ ਏ ਡਕਾਰੀ ਬੈਠੀ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨਾ ਨਹੀ ਲੈ ਰਹੀ,ਪੇ ਕਮਿਸ਼ਨ ਦੇ ਬਕਾਏ ਦੇਣ ਤੋਂ ਸਰਕਾਰ ਭੱਜ ਰਹੀ ਹੈ।ਕੱਚੇ ਕਾਮੇ ਪੱਕੇ ਨਹੀਂ ਕਰ ਰਹੀਂ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਦੇ ਜਨਰਲ ਸਕੱਤਰ ਗੌਰਮਿੰਟ ਕੰਬੋਜ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਾਉਣ ਲਈ,ਬੰਦ ਕੀਤੇ ਪੇਂਡੂ ਖੇਤਰ ਤੇ ਬਾਰਡਰ ਏਰੀਆ ਭੱਤੇ ਬਹਾਲ ਕਰਵਾਉਣ ਲਈ ਆਉਣ ਵਾਲੇ ਸਮੇਂ ਦੌਰਾਨ ਮੁਲਾਜ਼ਮ ਸਾਥੀਆਂ ਨੂੰ ਜਾਗਰੂਕ ਕਰਕੇ ਸਰਕਾਰ ਵਿਰੁੱਧ ਲਾਮਬੰਦੀ ਤੇਜ਼ ਕੀਤੀ ਜਾਵੇਗੀ। ਮੀਟਿੰਗ ਵਿੱਚ ਸਾਥੀ ਸੁਖਮੰਦਰ ਸਿੰਘ, ਸੰਤੋਖ ਰਾਮ, ਕਾਲੂ ਰਾਮ, ਪਰਵੀਨ ਕੁਮਾਰ, ਕੈਸ਼ੀਅਰ ਮਹਿੰਦਰ ਪਾਲ, ਜਨਰਲ ਸਕੱਤਰ, ਵਿਕਰਮ ਅਬੋਹਰ, ਸਾਹਿਬ ਰਾਮ, ਲਾਲ ਚੰਦ ਆਦਿ ਆਗੂ ਸ਼ਾਮਲ ਹੋਏ।
Click to Follow Babushahi Facebook page →