BREAKING: 2027 ਵਿੱਚ ਭਾਜਪਾ ਸਰਕਾਰ ਬਣਾਵਾਂਗੇ ਪੰਜਾਬ 'ਚ: ਅਮਿਤ ਸ਼ਾਹ
ਮੋਗਾ 'ਚ ਅਮਿਤ ਸ਼ਾਹ ਦਾ ਐਲਾਨ: "ਪੰਜਾਬ ਨੂੰ ਹਸਾਉਣ ਵਾਲਾ ਨਹੀਂ, ਚੰਗਾ ਸ਼ਾਸਨ ਦੇਣ ਵਾਲਾ ਮੁੱਖ ਮੰਤਰੀ ਚਾਹੀਦਾ"
ਗ੍ਰਹਿ ਮੰਤਰੀ ਨੇ 2027 ਲਈ ਫੂਕਿਆ ਚੋਣ ਬਿਗੁਲ; ਨਸ਼ਾ ਮੁਕਤੀ, ਧਰਮ ਪਰਿਵਰਤਨ ਵਿਰੋਧੀ ਕਾਨੂੰਨ ਅਤੇ 'ਆਪ' ਸਰਕਾਰ ਦੀ ਵਾਅਦਾ-ਖ਼ਿਲਾਫ਼ੀ 'ਤੇ ਘੇਰਿਆ
ਮੋਗਾ, 14 ਮਾਰਚ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਗਾ ਦੀ ਪਵਿੱਤਰ ਧਰਤੀ ਤੋਂ ਪੰਜਾਬ ਦੀ ਸਿਆਸਤ ਵਿੱਚ ਵੱਡੇ ਬਦਲਾਅ ਦਾ ਸੱਦਾ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ 2024 ਵਿੱਚ ਮਿਲੇ 19 ਫ਼ੀਸਦੀ ਵੋਟ ਭਾਜਪਾ ਦੀ ਅਗਲੀ ਸਰਕਾਰ ਦਾ ਆਧਾਰ ਬਣਨਗੇ। ਉਨ੍ਹਾਂ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ ਨੂੰ ਮਜ਼ਾਕੀਆ ਨਹੀਂ, ਬਲਕਿ ਸੰਜੀਦਾ ਸ਼ਾਸਨ ਦੀ ਲੋੜ ਹੈ।
ਅਮਿਤ ਸ਼ਾਹ ਨੇ ਭਾਵੁਕ ਹੁੰਦਿਆਂ ਕਿਹਾ ਕਿ "ਜੇਕਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣਾ ਸੀਸ ਨਾ ਦਿੱਤਾ ਹੁੰਦਾ, ਤਾਂ ਅੱਜ ਭਾਰਤ ਵਿੱਚ ਕੋਈ ਹਿੰਦੂ ਨਾ ਬਚਦਾ।" ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਕੁਰਬਾਨੀ ਨੂੰ ਪ੍ਰਣਾਮ ਕਰਕੇ ਭਾਸ਼ਣ ਦੀ ਸ਼ੁਰੂਆਤ ਕੀਤੀ।
ਅਮਿਤ ਸ਼ਾਹ ਨੇ ਕਿਹਾ ਕਿ "ਪੰਜਾਬ ਨੂੰ ਹਸਾਉਣ ਵਾਲਾ ਨਹੀਂ, ਚੰਗਾ ਸ਼ਾਸਨ ਦੇਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ।" ਜਿੱਥੇ ਭਾਜਪਾ 19% ਲੈਂਦੀ ਹੈ, ਅਗਲੀ ਵਾਰ ਉੱਥੇ ਸਰਕਾਰ ਬਣਾਉਂਦੀ ਹੈ।" "ਧਰਮ ਪਰਿਵਰਤਨ ਅਤੇ ਨਸ਼ਿਆਂ ਦੇ ਕਲੰਕ ਨੂੰ ਧੋ ਦੇਵੇਗੀ ਭਾਜਪਾ ਦੀ ਡਬਲ ਇੰਜਣ ਸਰਕਾਰ।"
'ਆਪ' ਸਰਕਾਰ 'ਤੇ ਸਿੱਧੇ ਹਮਲੇ
ਗ੍ਰਹਿ ਮੰਤਰੀ ਨੇ ਭਗਵੰਤ ਮਾਨ ਸਰਕਾਰ ਨੂੰ 'ਕੇਜਰੀਵਾਲ ਦਾ ATM' ਕਰਾਰ ਦਿੱਤਾ। "ਮੁੱਖ ਮੰਤਰੀ ਦਾ ਕੰਮ ਸਿਰਫ਼ ਕੇਜਰੀਵਾਲ ਨੂੰ ਸਰਕਾਰੀ ਖ਼ਰਚੇ 'ਤੇ ਜਹਾਜ਼ ਵਿੱਚ ਬਿਠਾ ਕੇ ਦੇਸ਼ ਦੀ ਸੈਰ ਕਰਵਾਉਣਾ ਰਹਿ ਗਿਆ ਹੈ।" ਨਾ 25 ਲੱਖ ਨੌਕਰੀਆਂ ਮਿਲੀਆਂ, ਨਾ ਨਸ਼ਾ ਖ਼ਤਮ ਹੋਇਆ ਅਤੇ ਨਾ ਹੀ 16 ਮੈਡੀਕਲ ਕਾਲਜ ਬਣੇ। ਸ਼ਾਹ ਨੇ ਅੰਮ੍ਰਿਤਸਰ ਸਮਾਰਟ ਸਿਟੀ, ਬਰਨਾਲਾ ਟਰੱਕ ਯੂਨੀਅਨ, ਅਤੇ 800 ਕਰੋੜ ਦੇ ਇਸ਼ਤਿਹਾਰੀ ਘੁਟਾਲੇ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਭ੍ਰਿਸ਼ਟ ਦੱਸਿਆ।
ਭਾਜਪਾ ਦੇ 3 ਵੱਡੇ ਵਾਅਦੇ
ਅਮਿਤ ਸ਼ਾਹ ਨੇ ਪੰਜਾਬ ਦੀ ਜਨਤਾ ਨਾਲ ਤਿੰਨ ਮੁੱਖ ਵਾਅਦੇ ਕੀਤੇ। "ਦੇਸ਼ ਦੇ ਨਸ਼ੇ ਦੇ ਕਾਰੋਬਾਰ ਦਾ 45% ਹਿੱਸਾ ਇਕੱਲੇ ਪੰਜਾਬ ਵਿੱਚ ਹੈ। ਸਾਨੂੰ ਦੋ ਸਾਲ ਦਿਓ, ਅਸੀਂ ਨਸ਼ੇ ਨੂੰ ਜੜ੍ਹੋਂ ਉਖਾੜ ਦਿਆਂਗੇ।" "ਪੰਜਾਬ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਰੋਕਣ ਲਈ ਭਾਜਪਾ ਸਰਕਾਰ ਬਣਦੇ ਹੀ ਪਹਿਲਾ ਬਿੱਲ ਲਿਆਵੇਗੀ।" ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਭ ਤੋਂ ਵੱਧ MSP ਦਿੱਤੀ ਹੈ ਅਤੇ ਮੱਕੀ ਦੀ ਖ਼ਰੀਦ ਵੀ MSP 'ਤੇ ਕੀਤੀ ਜਾ ਰਹੀ ਹੈ।
ਸਿੱਖ ਕੌਮ ਲਈ ਕੀਤੇ ਕਾਰਜਾਂ ਦਾ ਵੇਰਵਾ
ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ "ਕਾਂਗਰਸ ਨੇ ਅਕਾਲ ਤਖ਼ਤ 'ਤੇ ਟੈਂਕ ਚੜ੍ਹਾਏ ਸਨ, ਜਦਕਿ ਮੋਦੀ ਜੀ ਨੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਨੂੰ ਰਾਸ਼ਟਰੀ ਪੱਧਰ 'ਤੇ ਮਨਾਇਆ।" ਕਰਤਾਰਪੁਰ ਸਾਹਿਬ ਕਾਰੀਡੋਰ, ਲੰਗਰ ਤੋਂ GST ਹਟਾਉਣਾ, ਵੀਰ ਬਾਲ ਦਿਵਸ ਦੀ ਸ਼ੁਰੂਆਤ ਅਤੇ 1984 ਦੇ ਦੰਗਾ ਪੀੜਤਾਂ ਨੂੰ 5-5 ਲੱਖ ਦਾ ਮੁਆਵਜ਼ਾ ਮੋਦੀ ਸਰਕਾਰ ਦੀ ਦੇਣ ਹੈ।
ਇਸ ਮੌਕੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਇਕਬਾਲ ਸਿੰਘ ਲਾਲਪੁਰਾ, ਨਰਿੰਦਰ ਰੈਨਾ, ਸਤਨਾਮ ਸਿੰਘ ਸੰਧੂ (ਰਾਜ ਸਭਾ ਮੈਂਬਰ), ਮਨੋਰੰਜਨ ਕਾਲੀਆ, ਵਿਜੇ ਸਾਂਪਲਾ, ਅਵਿਨਾਸ਼ ਰਾਏ ਖੰਨਾ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕੌਰ, ਮਹਾਰਾਣੀ ਪਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ ਆਦਿ ਹਾਜ਼ਰ ਸਨ।
Click to Follow Babushahi Facebook page →