ਜ਼ਹਿਰ ਵੇਚਦੀਆਂ ਫੈਕਟਰੀਆਂ 'ਤੇ ਕਾਰਵਾਈ ਜ਼ੀਰੋ... ਸਿਹਤ ਵਿਭਾਗ ਸਵਾਲਾਂ ਦੇ ਘੇਰੇ 'ਚ, 15 ਮਹੀਨਿਆਂ 'ਚ ਭਰੇ ਸਿਰਫ 49 ਸੈਂਪਲ!
ਲੁਧਿਆਣਾ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ: ਸੈਂਕੜੇ ਬੇਕਰੀਆਂ, ਪਰ 15 ਮਹੀਨਿਆਂ ਵਿੱਚ ਸਿਰਫ 49 ਸੈਂਪਲ ਭਰੇ
ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਉੱਠੇ ਵੱਡੇ ਸਵਾਲ ਜਾਗਰੂਕਤਾ ਦੇ ਨਾਂ 'ਤੇ ਖਾਨਾਪੂਰਤੀ ਦਾ ਦੋਸ਼
ਸੁਖਮਿੰਦਰ ਭੰਗੂ
ਲੁਧਿਆਣਾ 16 ਫਰਵਰੀ 2026- ਲੁਧਿਆਣਾ ਦੇ ਸਿਹਤ ਵਿਭਾਗ ਅਤੇ ਫੂਡ ਸੇਫਟੀ ਵਿਭਾਗ ਦੀ ਕਾਰਜਸ਼ੈਲੀ 'ਤੇ ਉਸ ਸਮੇਂ ਵੱਡੇ ਸਵਾਲੀਆ ਨਿਸ਼ਾਨ ਲੱਗ ਗਏ ਹਨ, ਜਦੋਂ ਇੱਕ ਸ਼ਿਕਾਇਤ ਦੇ ਜਵਾਬ ਵਿੱਚ ਸਾਹਮਣੇ ਆਇਆ ਹੈ ਕਿ ਸ਼ਹਿਰ ਵਿੱਚ ਚੱਲ ਰਹੀਆਂ ਸੈਂਕੜੇ ਬੇਕਰੀਆਂ ਦੀ ਚੈਕਿੰਗ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ। ਵਿਭਾਗ ਵੱਲੋਂ ਦਿੱਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਬੇਕਰੀ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।
15 ਮਹੀਨਿਆਂ ਵਿੱਚ ਸਿਰਫ 49 ਸੈਂਪਲ
ਦਫ਼ਤਰ ਸਿਵਲ ਸਰਜਨ, ਲੁਧਿਆਣਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਫੂਡ ਟੀਮ ਨੇ 08.10.2024 ਤੋਂ 10.01.2026 ਤੱਕ (ਲਗਭਗ 15 ਮਹੀਨੇ) ਬੇਕਰੀ ਉਤਪਾਦਾਂ ਦੇ ਸਿਰਫ 49 ਸੈਂਪਲ ਭਰੇ ਹਨ। ਸ਼ਹਿਰ ਵਿੱਚ ਬੇਕਰੀ ਉਦਯੋਗ ਦੇ ਵੱਡੇ ਪਸਾਰ ਅਤੇ ਸੈਂਕੜੇ ਬੇਕਰੀਆਂ ਦੇ ਚੱਲਦਿਆਂ, ਇਹ ਅੰਕੜਾ ਬਹੁਤ ਨਿਗੂਣਾ ਹੈ, ਜੋ ਵਿਭਾਗ ਦੀ ਢਿੱਲੀ ਕਾਰਵਾਈ ਨੂੰ ਉਜਾਗਰ ਕਰਦਾ ਹੈ।
ਲੋਕਾਂ ਦੀ ਜਾਨ ਨਾਲ ਖਿਲਵਾੜ
ਆਰ ਟੀ ਆਈ ਕਾਰਕੁਨ ਰੋਹਿਤ ਸਭਰਵਾਲ ਨੇ ਦੋਸ਼ ਲਾਇਆ ਹੈ ਕਿ ਬੇਕਰੀਆਂ ਵਿੱਚ ਬਣਨ ਵਾਲੇ ਖਾਣ-ਪੀਣ ਦੇ ਸਮਾਨ 'ਤੇ ਨਾ ਤਾਂ ਨਿਰਮਾਣ ਦੀ ਮਿਤੀ (Manufacturing Date) ਹੁੰਦੀ ਹੈ ਅਤੇ ਨਾ ਹੀ ਮਿਆਦ ਪੁੱਗਣ ਦੀ ਮਿਤੀ (Expiry Date)। ਇਸ ਦੇ ਬਾਵਜੂਦ ਸਿਹਤ ਵਿਭਾਗ ਦੇ ਅਧਿਕਾਰੀ ਕੋਈ ਠੋਸ ਕਾਰਵਾਈ ਨਹੀਂ ਕਰ ਰਹੇ, ਜਿਸ ਨਾਲ ਆਮ ਜਨਤਾ ਦੀ ਸਿਹਤ ਨਾਲ ਗੰਭੀਰ ਖਿਲਵਾੜ ਹੋ ਰਿਹਾ ਹੈ।
ਵਿਭਾਗ ਦੀ ਸਫ਼ਾਈ ਅਤੇ ਅਸਲੀਅਤ
ਦੂਜੇ ਪਾਸੇ, ਡੈਜੀਗਨੇਟਡ ਅਫਸਰ (ਫੂਡ ਸੇਫਟੀ) ਵੱਲੋਂ ਦਿੱਤੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਜੋ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਵਿਰੁੱਧ ਮਾਨਯੋਗ ਕੋਰਟ ਵਿੱਚ ਕੇਸ ਦਾਇਰ ਕੀਤੇ ਗਏ ਹਨ। ਨਾਲ ਹੀ, ਗੰਦੇ ਮਾਹੌਲ ਵਿੱਚ ਬਣ ਰਹੀ ਖਾਧ ਪਦਾਰਥਾਂ ਨੂੰ ਮੌਕੇ 'ਤੇ ਨਸ਼ਟ ਕੀਤਾ ਗਿਆ ਹੈ ਅਤੇ ਜਾਗਰੂਕਤਾ ਕੈਂਪ ਲਗਾਏ ਗਏ ਹਨ।
ਕੀ 15 ਮਹੀਨਿਆਂ ਵਿੱਚ ਸਿਰਫ 49 ਸੈਂਪਲ ਭਰਨਾ ਕਾਫੀ?
ਜੇਕਰ ਸ਼ਹਿਰ ਵਿੱਚ ਸੈਂਕੜੇ ਬੇਕਰੀਆਂ ਹਨ, ਤਾਂ ਕੀ 15 ਮਹੀਨਿਆਂ ਵਿੱਚ ਸਿਰਫ 49 ਸੈਂਪਲ ਭਰਨਾ ਕਾਫੀ ਹੈ? ਕੀ ਜਾਗਰੂਕਤਾ ਕੈਂਪ, ਸਖ਼ਤ ਕਾਰਵਾਈ ਦਾ ਬਦਲ ਹੋ ਸਕਦੇ ਹਨ? ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਬੱਚੇ ਅਤੇ ਆਮ ਨਾਗਰਿਕ ਜ਼ਹਿਰੀਲੇ ਬੇਕਰੀ ਉਤਪਾਦ ਖਾਣ ਲਈ ਮਜਬੂਰ ਹਨ।
