ਪੁਲਿਸ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਡੀਏਵੀ ਸਕੂਲ ਨਾਲ ਰਲ ਕੇ ਮਨਾਇਆ ਗਿਆ ਟਰੈਫਿਕ ਮਹੀਨਾ
ਮਨਪ੍ਰੀਤ ਸਿੰਘ
ਰੂਪਨਗਰ 19 ਜਨਵਰੀ
ਅੱਜ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਪੁਲਿਸ ਪ੍ਰਸ਼ਾਸ਼ਨ ਦੀ ਟੀਮ ਸਮੇਤ ਇੰਚਾਰਜ ਟਰੈਫਿਕ ਪੁਲਿਸ ਸੁਖਦੇਵ ਸਿੰਘ ਜੀ ਆਪਣੀ ਟੀਮ ਨਾਲ ਸਕੂਲ ਵਿੱਚ ਆਏ। ਉਨ੍ਹਾਂ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਤੇ ਹੋ ਰਹੀਆਂ ਅਣਸੁਖਾਵੀਂ ਘਟਨਾਵਾਂ ਬਾਰੇ ਚਾਨਣਾ ਪਾਇਆ ਜਿਸ ਦਾ ਸਮਾਜ ਨੂੰ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ *ਯੁੱਧ ਨਸ਼ਿਆਂ ਵਿਰੁੱਧ* ਤਹਿਤ ਬੱਚਿਆਂ ਨੂੰ ਜਾਗਰੂਕ ਕੀਤਾ। ਅਤੇ ਉਹਨਾਂ ਨੇ ਨਸ਼ਿਆਂ ਨਾਲ ਹੋ ਰਹੇ ਨੁਕਸਾਨ ਤੇ ਇਸਦੀ ਵਰਤੋਂ ਕਰਨ ਵਾਲੇ ਦੀ ਜਿੰਦਗੀ ਨੂੰ ਬਰਬਾਦ ਹੋਣ ਬਾਰੇ ਵੀ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਨਸ਼ਾ ਕਰਨ ਵਾਲਾ ਸਰੀਰਿਕ, ਆਰਥਿਕ ਅਤੇ ਸਮਾਜਿਕ ਪੱਖੋਂ ਨੁਕਸਾਨ ਉਠਾਉਂਦਾ ਹੈ। ਤੇ ਉਨ੍ਹਾਂ ਨੇ ਬੱਚਿਆਂ ਨੂੰ ਬਸੰਤ ਪੰਚਮੀ ਵਾਲੇ ਦਿਨ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਇਨਾ ਡੋਰ ਵੀ ਵਰਤੋਂ ਕਰਦੇ ਹੋਏ ਫੜੇ ਜਾਣ ਤੇ ਸਰਕਾਰ ਵੱਲੋਂ ਸਜਾ ਦਿੱਤੀ ਜਾਵੇਗੀ ਤੇ ਜੁਰਮਾਨਾ ਵੀ ਹੋਵੇਗਾ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦਾ ਵਾਅਦਾ ਕਰਨ। ਇਸ ਸਮੇਂ ਸਮੂਹ ਸਕੂਲ ਸਟਾਫ ਹਾਜ਼ਰ ਸੀ।