ਹਲਕਾ ਖੰਨਾ ਨੂੰ ਮਿਲੇ 45 ਨਵੇਂ ਲਾਈਨਮੈਨਜ, ਬਿਜਲੀ ਸੇਵਾਵਾਂ ਹੋਣਗੀਆਂ ਹੋਰ ਮਜ਼ਬੂਤ : ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
*ਪੰਜਾਬ ਸਰਕਾਰ ਨੇ 4 ਸਾਲਾਂ ਵਿੱਚ 61 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਬਣਾਇਆ ਰਿਕਾਰਡ: ਤਰੁਨਪ੍ਰੀਤ ਸਿੰਘ ਸੌਂਦ*
ਖੰਨਾ ਵਿੱਚ 46 ਲੱਖ ਰੁਪਏ ਦੀ ਲਾਗਤ ਨਾਲ ਨਵਾਂ 11 ਕੇ.ਵੀ ਫੀਡਰ ਹੋਇਆ ਚਾਲੂ, ਲੋਡ ਸਮੱਸਿਆ ਤੋਂ ਮਿਲੇਗੀ ਰਾਹਤ
ਰਵਿੰਦਰ ਸਿੰਘ ਢਿੱਲੋਂ
ਖੰਨਾ, 19 ਜਨਵਰੀ:
ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਖੰਨਾ ਦੇ ਐਸ.ਈ ਸ੍ਰੀ ਸੁਖਜੀਤ ਸਿੰਘ ਅਤੇ ਸੀਨੀਅਰ ਐਕਸੀਅਨ ਸ੍ਰੀ ਅਮਨ ਗੁਪਤਾ ਦੇ ਨਾਲ ਦਫਤਰ ਪੀ.ਐਸ.ਪੀ.ਸੀ.ਐਲ, ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀਆਂ ਜ਼ਿੰਦਗੀਆਂ ਰੁਸ਼ਨਾਉਣ ਲਈ ‘ਮਿਸ਼ਨ ਰੋਜ਼ਗਾਰ’ ਤਹਿਤ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਹਲਕਾ ਖੰਨਾ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੁੱਲ 45 ਨਵੇਂ ਲਾਈਨਮੈਨਜ਼ ਮਿਲੇ ਹਨ, ਇਹਨਾਂ ਵਿੱਚੋਂ 25 ਅਪਰੈਂਟਿਕ ਲਾਈਨਮੈਨ ਅਤੇ 20 ਸਹਾਇਕ ਲਾਈਨਮੈਨ (ਏ.ਐਮ.ਐਲ) ਹਨ। ਇਹਨਾਂ ਲਾਈਨਮੈਨਾਂ ਨੇ 2 ਦਸੰਬਰ 2025 ਨੂੰ ਆਪਣੀ ਨੌਕਰੀ ਜੁਆਇਨ ਕਰ ਲਈ ਹੈ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ 4 ਸਾਲਾਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ।
ਉਨ੍ਹਾਂ ਨੇ ਕਿਹਾ, “ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਆਖਰੀ ਸਮੇਂ ’ਤੇ ਨੌਜਵਾਨਾਂ ਨੂੰ ਕੁਝ ਕੁ ਨੌਕਰੀਆਂ ਦੇ ਕੇ ਰਸਮੀ ਕਾਰਵਾਈ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਨਾਲ ਨੌਜਵਾਨਾਂ ਨੂੰ ਹੁਣ ਤੱਕ 61,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਹਨ।” ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੇ ਬਿਨਾਂ ਕਿਸੇ ਸਿਫਾਰਸ਼ ਤੋਂ ਆਪਣੀ ਯੋਗਤਾ ਦੇ ਆਧਾਰ ’ਤੇ ਇਹ ਨੌਕਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ 61,000 ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ।
ਮੰਤਰੀ ਨੇ ਅੱਗੇ ਇੱਕ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਖੰਨਾ ਤੋਂ ਚੱਲਦੇ 11 ਕੇ.ਵੀ. ਨੰਦੀ ਕਲੋਨੀ ਫੀਡਰ ਦੀ ਵੰਡ ਕਰਕੇ ਨਵਾਂ ਫੀਡਰ ਤਕਰੀਬਨ 46 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰਕੇ 25 ਨਵੰਬਰ, 2025 ਨੂੰ ਚਾਲੂ ਕਰ ਦਿੱਤਾ ਹੈ। ਇਸ ਫੀਡਰ 'ਤੇ ਪ੍ਰੋਫੈਸਰ ਕਲੋਨੀ, ਮਾਸਟਰ ਕਲੋਨੀ, ਕੇਹਰ ਸਿੰਘ ਕਲੋਨੀ, ਜਗਤ ਕਲੋਨੀ, ਰਹੌਣ ਦਾ ਸਾਰਾ ਪਿੰਡ, ਲਲਹੇੜੀ ਰੋਡ, ਪੈਟਰੋਲ ਪੰਪ ਵਾਲਾ ਏਰੀਆ ਸ਼ਿਫਟ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਹੈਵੀ ਲੋਡ ਦੀ ਮੁਸ਼ਕਿਲਾਂ ਨਹੀਂ ਆਉਣਗੀਆਂ। ਇਸ ਕਾਰਜ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ।
ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਪੀ.ਐਸ.ਪੀ.ਸੀ.ਐਲ ਖੰਨਾ ਦੇ ਐਸ.ਈ ਸ੍ਰੀ ਸੁਖਜੀਤ ਸਿੰਘ, ਸੀਨੀਅਰ ਐਕਸੀਅਨ ਸ੍ਰੀ ਅਮਨ ਗੁਪਤਾ, ਐਸ.ਡੀ.ਓ ਸ੍ਰੀ ਅੰਕੁਸ਼, ਕੌਸਲਰ ਸੁਖਮਨਜੀਤ ਸਿੰਘ ਬਡਗੁੱਜਰ, ਪੀ.ਏ ਮਹੇਸ਼ ਕੁਮਾਰ, ਕੁਲਵੰਤ ਸਿੰਘ ਮਹਿਮੀ, ਪੁਨੀਤ ਖੱਟਰ, ਅਮਰਿੰਦਰ ਸਿੰਘ ਚਾਹਲ, ਅਵਤਾਰ ਸਿੰਘ ਮਾਨ, ਦਰਸ਼ਨ ਸਿੰਘ, ਹਵਾ ਸਿੰਘ, ਮਨਜੀਤ ਸਿੰਘ ਫ਼ੌਜੀ ਵੀ ਹਾਜ਼ਰ ਸਨ।