ਕੀ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫ਼ੇ ਦੀ ਕੀਤੀ ਪੇਸ਼ਕਸ਼? ਵੱਖ-ਵੱਖ ਲੀਡਰਾਂ ਦੇ ਬਿਆਨ
"ਨਾ ਕਿਸੇ ਨੇ ਅਸਤੀਫ਼ਾ ਮੰਗਿਆ, ਨਾ ਉਨ੍ਹਾਂ ਦਿੱਤਾ": ਬੀਬੀ ਜਗੀਰ ਕੌਰ
Babushahi Network
ਚੰਡੀਗੜ੍ਹ, 21 ਦਸੰਬਰ 2025- ਕੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਪਾਰਟੀ ਦੇ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਗਈ ਹੈ? ਇਹ ਸਵਾਲ ਇਸ ਲਈ ਉਭਰ ਕੇ ਸਾਹਮਣੇ ਆਇਆ ਹੈ, ਕਿਉਂਕਿ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਅਸਤੀਫ਼ੇ ਨਾਲ ਜੁੜੀਆਂ ਗੱਲਾਂ ਹੋਈਆਂ ਸਨ। ਹੁਣ ਇਸ ਸਾਰੇ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆਇਆ ਹੈ।
ਬੀਬੀ ਜਗੀਰ ਕੌਰ ਨੇ 'ਨਿਊਜ਼18' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪਾਰਟੀ ਜਾਂ ਪੰਥ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਬਾਰੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਮੁਤਾਬਕ ਨਾ ਤਾਂ ਕਿਸੇ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਅਸਤੀਫ਼ਾ ਮੰਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਅਸਤੀਫ਼ਾ ਦੇਣ ਦੀ ਕੋਈ ਗੱਲ ਕੀਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸਿਰਫ਼ ਭਾਵੁਕ ਹੁੰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਥ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਦੀ ਜ਼ਿੰਮੇਵਾਰੀ ਸੌਂਪੇਗਾ। ਬੀਬੀ ਜਗੀਰ ਕੌਰ ਨੇ ਇੱਕ ਅਹਿਮ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਦੋ ਵਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚੰਡੀਗੜ੍ਹ ਬੁਲਾਇਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸੇ ਅਹੁਦੇ ਦੇ ਚਾਹਵਾਨ ਹਨ, ਤਾਂ ਉਨ੍ਹਾਂ ਦਾ ਜਵਾਬ ਸੀ— "ਬਿਲਕੁਲ ਨਹੀਂ।"
ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਹ ਇੱਕ ਧਾਰਮਿਕ ਵਿਅਕਤੀ ਹਨ ਅਤੇ ਪੰਥ ਉਨ੍ਹਾਂ ਨੂੰ ਜੋ ਵੀ ਸੇਵਾ ਲਾਵੇਗਾ, ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੂਜੇ ਸਿਆਸੀ ਲੀਡਰਾਂ ਵਾਂਗ ਅਹੁਦਿਆਂ ਨਾਲ ਚਿਪਕ ਕੇ ਰਹਿਣ ਵਾਲੇ ਇਨਸਾਨ ਨਹੀਂ ਹਨ। ਉਨ੍ਹਾਂ ਦਾ ਤਰਕ ਹੈ ਕਿ "ਮੇਰੀ ਪਛਾਣ ਸਿਰਫ਼ ਪ੍ਰਧਾਨਗੀ ਕਰਕੇ ਨਹੀਂ ਹੈ। ਜਦੋਂ ਤੱਕ ਪੰਥ ਚਾਹੇਗਾ ਮੈਂ ਸੇਵਾ ਕਰਾਂਗਾ, ਜਦੋਂ ਪੰਥ ਦਾ ਹੁਕਮ ਹੋਵੇਗਾ ਮੈਂ ਪਾਸੇ ਹੋ ਜਾਵਾਂਗਾ।" ਉਨ੍ਹਾਂ ਅਨੁਸਾਰ ਗਿਆਨੀ ਜੀ ਦੇ ਭਾਸ਼ਣ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਦਕਿ ਉਹ ਸਿਰਫ਼ ਪੰਥ ਪ੍ਰਤੀ ਆਪਣੀ ਨਿਰਸਵਾਰਥ ਭਾਵਨਾ ਪ੍ਰਗਟ ਕਰ ਰਹੇ ਸਨ।