ਸ੍ਰੀ ਅਨੰਦਪੁਰ ਸਾਹਿਬ 'ਚ 'ਹੈਰੀਟੇਜ ਸਟ੍ਰੀਟ' ਦੇ ਕੰਮ ਨੂੰ SGPC ਨੇ ਰੁਕਵਾਇਆ; ਤਖ਼ਤ ਸਾਹਿਬ ਦੀ ਦਿੱਖ ਪ੍ਰਭਾਵਿਤ ਹੋਣ ਦਾ ਖਦਸ਼ਾ- ਜਥੇਦਾਰ ਗੜਗੱਜ
ਸ੍ਰੀ ਅਨੰਦਪੁਰ ਸਾਹਿਬ 21 ਦਸੰਬਰ 2025: ਖਾਲਸੇ ਦੀ ਜਨਮ ਭੁਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ 'ਹੈਰੀਟੇਜ ਸਟ੍ਰੀਟ' (ਵਿਰਾਸਤੀ ਮਾਰਗ) ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਪ੍ਰੋਜੈਕਟ ਦੇ ਕੰਮ ਨੂੰ ਇਹ ਕਹਿੰਦਿਆਂ ਰੁਕਵਾ ਦਿੱਤਾ ਹੈ ਕਿ ਇਸ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਤਿਹਾਸਕ ਅਤੇ ਰਵਾਇਤੀ ਦਿੱਖ ਖਰਾਬ ਹੋ ਸਕਦੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਮੁਤਾਬਕ, ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਿੱਖ ਸੰਸਥਾਵਾਂ ਜਾਂ SGPC ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਅਤੇ ਦਿੱਖ ਨਾਲ ਜੁੜੇ ਕਿਸੇ ਵੀ ਬਦਲਾਅ ਲਈ ਪੰਥਕ ਰਵਾਇਤਾਂ ਅਨੁਸਾਰ ਰਾਏ ਲੈਣੀ ਲਾਜ਼ਮੀ ਹੈ।
SGPC ਦਾ ਮੁੱਖ ਇਤਰਾਜ਼ ਹੈਰੀਟੇਜ ਸਟ੍ਰੀਟ ਦੇ ਤਹਿਤ ਬਣਾਏ ਜਾ ਰਹੇ ਵੱਡੇ ਗੇਟਾਂ ਨੂੰ ਲੈ ਕੇ ਹੈ। ਜਥੇਦਾਰ ਅਨੁਸਾਰ ਜਦੋਂ ਸੰਗਤ ਨੰਗਲ ਤੋਂ ਰੋਪੜ ਵਾਲੀ ਸੜਕ ਰਾਹੀਂ ਆਉਂਦੀ ਹੈ, ਤਾਂ ਸਾਹਮਣੇ ਤਖ਼ਤ ਸਾਹਿਬ ਦੀ ਬਹੁਤ ਹੀ ਸੁੰਦਰ ਅਤੇ ਖੁੱਲ੍ਹੀ ਦਿੱਖ ਨਜ਼ਰ ਆਉਂਦੀ ਹੈ। ਨਵੇਂ ਬਣਾਏ ਜਾਣ ਵਾਲੇ ਗੇਟ ਜਾਂ ਡਿਊਢੀਆਂ ਇਸ ਸ਼ਾਨਦਾਰ ਨਜ਼ਾਰੇ ਨੂੰ ਰੋਕ ਦੇਣਗੀਆਂ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਲਗੀਧਰ ਪਾਤਸ਼ਾਹ ਵੱਲੋਂ ਸਥਾਪਿਤ ਇਸ ਤਖ਼ਤ ਦੀ ਮੌਜੂਦਾ ਦਿੱਖ ਨੂੰ ਜਿਉਂ ਦਾ ਤਿਉਂ ਰੱਖਣਾ ਬੇਹੱਦ ਜ਼ਰੂਰੀ ਹੈ।
ਦੂਜੇ ਪਾਸੇ, ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ 'ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਵੀ ਵਿਰਾਸਤੀ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੁੰਦੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਅਤੇ ਆਉਣ ਵਾਲੀ ਸੰਗਤ ਨੂੰ ਵੱਡੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ SGPC ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਮਨਾਉਣਗੇ।