ਨਿਊਜੀਲੈਂਡ ਵਿਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਲਈ ਦੁਖਦਾਈ ਅਤੇ ਚਿੰਤਾਜਨਕ: ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 21 ਦਸੰਬਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਨਿਊਜੀਲੈਂਡ ਵਿਚ ਹੋਏ ਸਿੱਖਾਂ ਵੱਲੋਂ ਕੱਢੇ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ ਜੋ ਸਮਾਜ ਵਿਚ ਆਪਸੀ ਸਾਂਝ, ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਗੁਰੂ ਸਾਹਿਬਾਨ ਦੇ ਸਰਬ-ਸਾਂਝੇ ਸੰਦੇਸ਼ ’ਤੇ ਸਿੱਧੀ ਸੱਟ ਹੈ। ਸਿੱਖ ਭਾਈਚਾਰਾ ਸਦਾ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਲਾਈ, ਸ਼ਾਂਤੀ, ਸਹਿਣਸ਼ੀਲਤਾ ਅਤੇ ਤਰੱਕੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਂਦਾ ਆ ਰਿਹਾ ਹੈ, ਪਰ ਇਸ ਦੇ ਬਾਵਜੂਦ ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਸਮੇਂ ਸਿੱਖ ਭਾਈਚਾਰਾ ਹੀ ਵਿਸ਼ਵ ਪੱਧਰ ਤੇ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ। ਸਿੱਖ ਨਿਊਜੀਲੈਂਡ ਅਤੇ ਭਾਰਤ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਧਾਰਮਿਕ ਅਧਿਕਾਰਾਂ ਦੇ ਅਨੁਸਾਰ ਸਮਾਗਮ ਕਰਨ ਲਈ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਮੁਹੱਈਆ ਕਰਵਾਉਣ।