Babushahi Special ਜਿਲ੍ਹਾ ਪ੍ਰੀਸ਼ਦ ਚੋਣਾਂ : ਭੈਣੇਂ ਰੋਂਦੀ ਹੈਂ ਕਾਲੇ ਚੰਮਾਂ ਨੂੰ ਏਥੇ ਤਾਂ ਕਲਗੀਆਂ ਵਾਲੇ ਵੀ ਤੁਰ ਗਏ
ਅਸ਼ੋਕ ਵਰਮਾ
ਬਠਿੰਡਾ,18 ਦਸੰਬਰ 2025: ਗੱਲ ਪੁਰਾਣੀ ਤੇ ਰਿਵਾਇਤੀ ਹੈ ਪਰ ਬਠਿੰਡਾ ਜਿਲ੍ਹੇ ’ਚ ਹੋਈਆਂ ਜਿਲ੍ਹਾ ਪ੍ਰੀਸ਼ਦ ਚੋਣਾਂ ਤੇ ਪੂਰੀ ਤਰਾਂ ਸਟੀਕ ਬੈਠਦੀ ਹੈ। ਕਿਸੇ ਔਰਤ ਦੀ ਸੱਜਰ ਸੂਈ ਮੱਝ ਮਰ ਗਈ ਅਤੇ ਉਸ ਦੀ ਗੁਆਂਢਣ ਦੇ ਕੁੱਕੜ ਨੂੰ ਬਿੱਲੀ ਖਾ ਗਈ। ਮੱਝ ਦੀ ਮਾਲਕ ਨੂੰ ਰੋਂਦਿਆਂ ਦੇਖ ਕੁੱਕੜ ਵਾਲੀ ਔਰਤ ਨੇ ਇਹੋ ਕਿਹਾ ਸੀ ਕਿ ਭੈਣੇ ਤੂੰ ਰੋਂਦੀ ਹੈ ਕਾਲੇ ਚੰਮਾਂ ਨੂੰ - ਏਥੇ ਤਾਂ ਕਲਗੀਆਂ ਵਾਲੇ ਤੁਰ ਗਏ ਨੇ। ਇਹੋ ਜਿਹਾ ਹਾਲ ਹਾਕਮ ਧਿਰ ਆਮ ਆਦਮੀ ਪਾਰਟੀ ਨਾਲ ਹੋਇਆ ਹੈ ਜਿੱਥੇ ਬਠਿੰਡਾ ਜਿਲ੍ਹੇ ਦੇ ਵੋਟਰਾਂ ਨੇ ਲੋਕਾਂ ਦੇ ਮਸਲਿਆਂ ਨੂੰ ਟਿੱਚ ਜਾਨਣ ਲੱਗੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼ੀਸ਼ਾ ਦਿਖਾ ਦਿੱਤਾ ਹੈ ਤਾਂਜੋ ਭਵਿੱਖ ਦੀ ਸਿਆਸਤ ਦੇ ਨਕਸ਼ ਘਾੜੇ ਕਿਸੇ ਭੁਲੇਖੇ ’ਚ ਨਾ ਰਹਿਣ। ਲੋਕ ਲਹਿਰਾਂ ਦੇ ਖਿੱਤੇ ਅਤੇ ਟਿੱਬਿਆਂ ਦੀ ਧਰਤੀ ਬਠਿੰਡਾ ’ਚ ਤਾਜਾ ਚੋਣਾਂ ਦਾ ਨਤੀਜਾ ਸਾਹਮਣੇ ਆਇਆ ਹੈ।
ਇਹ ਨਤੀਜਾ ਹਾਕਮ ਧਿਰ ਆਮ ਆਦਮੀ ਪਾਰਟੀ ਲਈ ਸਬਕ ਦੇਣ ਵਾਲਾ ਹੈ ਅਤੇ ਰਾਜਸੀ ਭੁੱਲਾਂ ਦੀ ਨਿਸ਼ਾਨਦੇਹੀ ਕਰਨ ਵਾਲਾ ਵੀ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੋਈਆਂ ਹਨ ਜਿੰਨ੍ਹਾਂ ’ਚ ਕਈ ਵੱਡੇ ਵੱਡੇ ਸਿਆਸੀ ਧੁਨੰਤਰਾਂ ਦੇ ਇਲਾਕਿਆਂ ’ਚ ਵੋਟਰਾਂ ਨੇ ਹਾਕਮ ਧਿਰ ਨੂੰ ਧੂੜ ਚਟਾ ਦਿੱਤੀ ਹੈ। ਜਿਲ੍ਹਾ ਪ੍ਰੀਸ਼ਦ ਜੋਨ ਜੈ ਸਿੰਘ ਵਾਲਾ ਤੋਂ ਤਾਂ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਦਾ ਦਾਅਵੇਦਾਰ ਐਡਵੋਕੇਟ ਗੁਰਇਕਬਾਲ ਸਿੰਘ ਚਹਿਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਆਪਣੇ ਸਿਰਨਾਮੀਏਂ ਗੁਰਇਕਬਾਲ ਸਿੰਘ ਬਰਾੜ ਤੋਂ 5057 ਵੋਟਾਂ ਨਾਲ ਕਰਾਰੀ ਹਾਰ ਹੋਈ ਹੈ। ਜਿੱਤ ਦੇ ਮਾਮਲੇ ’ਚ ਭੁੱਚੋ ਕਲਾਂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਜਿੰਦਰ ਸਿੰਘ ਨੇ 4900 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰਾਂ ਹੀ ਪੂਹਲਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸਵਰਨ ਸਿੰਘ 5221 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਇਹ ਦੋਨੋ ਜੋਨ ਆਮ ਆਦਮੀ ਪਾਰਟੀ ਦੇ ਦੋ ਵਾਰ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਹਲਕੇ ’ਚ ਪੈਂਦੇ ਹਨ। ਪਹਿਲੇ ਦਿਨ ਤੋਂ ਹੀ ਵਿਵਾਦਾਂ ਨਾਲ ਚੋਲੀ ਦਾਮਨ ਦੇ ਰਿਸ਼ਤੇ ਨੂੰ ਅੱਗੇ ਵਧਾਉਣ ਵਾਲੇ ਵਿਧਾਨ ਸਭਾ ਹਲਕਾ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਪਿੰਡ ਮਾਈਸਰਖਾਨਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਭਜਨ ਸਿੰਘ ਨੇ 1876 ਵੋਟਾਂ ਨਾਲ ਚੋਣ ਜਿੱਤੀ ਹੈ। ਉਂਜ ਵਿਧਾਇਕ ਲਈ ਏਨੀ ਕੁ ਰਾਹਤ ਰਹੀ ਕਿ ਜੋਨ ਜੋਧਪੁਰ ਪਾਖਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਵਿੰਦਰ ਸਿੰਘ ਅਤੇ ਕਰਾੜ ਵਾਲਾ ਜੋਨ ਤੋਂ ਗੁਰਦੀਪ ਕੌਰ ਜਿੱਤਣ ’ਚ ਸਫਲ ਰਹੇ ਹਨ। ਇਹ ਅਲਹਿਦਾ ਗੱਲ ਹੈ ਕਿ ਦੋਵੀਂ ਥਾਈਂ ਵੋਟਾਂ ਦਾ ਫਰਕ ਕ੍ਰਮਵਾਰ ਸਿਰਫ 393 ਅਤੇ 592 ਰਿਹਾ ਹੈ। ਹਾਕਮ ਧਿਰ ਆਮ ਆਦਮੀ ਪਾਰਟੀ ਦਾ ਪੱਕਾ ਕਲਾਂ ਜੋਨ ਤੋਂ ਉਮੀਦਵਾਰ ਹਰਪ੍ਰੀਤ ਸਿੰਘ 83 ਵੋਟਾਂ ਦੇ ਫਰਕ ਨਾਲ ਮਸਾਂ ਜਿੱਤਿਆ ਹੈ।
ਸਿਆਸੀ ਝਟਕਿਆਂ ਦੀ ਲੜੀ ਵਿੱਚ ਆਮ ਆਦਮੀ ਪਾਰਟੀ ਦੇ ਰਾਮਪੁਰਾ ਹਲਕੇ ਤੋਂ ਵਿਧਾਇਕ ਅਤੇ ਗਾਇਕ ਕਲਾਕਾਰ ਬਲਕਾਰ ਸਿੱਧੂ ਦਾ ਨਾਮ ਵੀ ਬੋਲਦਾ ਹੈ। ਬਲਕਾਰ ਸਿੱਧੂ ਦੇ ਹਲਕੇ ’ਚ ਪੈਂਦੇ ਬੁਰਜ ਗਿੱਲ ਜੋਨ ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਸਿੱਧੂ ਦਿਆਲਪੁਰਾ ਮਿਰਜਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਨੂੰ 2906 ਵੋਟਾਂ ਨਾਲ ਹਰਾਇਆ ਹੈ। ਬਲਕਾਰ ਸਿੱਧੂ ਦੇ ਹਲਕੇ ਵਿੱਚ ਆਉਂਦੇ ਸਿਰੀਏ ਵਾਲਾ ਜੋਨ ਤੋਂ ਵੀ ਹਾਕਮ ਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਰਾਖਵੇਂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਦੀਪ ਸਿੰਘ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਧਾਕੜ ਉਮੀਦਵਾਰ ਭੁਪਿੰਦਰ ਸਿੰਘ ਨੂੰ 2098 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇੰਨ੍ਹਾਂ ਦੋਵਾਂ ਜੋਨਾਂ ’ਚ ਵਿਧਾਇਕ ਬਲਕਾਰ ਸਿੱਧੂ ਨੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਗੋਡਣੀਆਂ ਵਾਲਾ ਜੋਰ ਲਾਇਆ ਸੀ ਪਰ ਵਿਰੋਧੀ ਸਿਕੰਦਰ ਸਿੰਘ ਮਲੂਕਾ ਪਟਕਣੀ ਮਾਰਨ ’ਚ ਸਫਲ ਰਹੇ ਹਨ।
ਬਹਿਮਣ ਦਿਵਾਨਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ ਨੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 4143 ਵੋਟਾਂ ਨਾਲ ਹਰਾਇਆ ਹੈ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਜਸਕਰਨ ਕੌਰ ਦੇ ਪਤੀ ਦੀ ਚੋਣ ਅਮਲ ਦੌਰਾਨ ਮੌਤ ਹੋ ਗਈ ਸੀ। ਫੂਸ ਮੰਡੀ ਜੋਨ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗੁਰਵਿੰਦਰ ਕੌਰ 2427 ਵੋਟਾਂ ਨਾਲ ਜੇਤੂ ਰਹੀ ਹੈ ਜਦੋਂਕਿ ਇਸੇ ਪਾਰਟੀ ਦੀ ਕਿਲੀ ਨਿਹਾਲ ਸਿੰਘ ਵਾਲਾ ਜੋਨ ਤੋਂ ਸੁਖਵਿੰਦਰ ਕੌਰ ਨੇ 1159 ਵੋਟਾਂ, ਬਲਹਾੜ ਵਿੰਝੂ ਤੋਂ ਬਲਜੀਤ ਕੌਰ ਨੇ 3103 ਵੋਟਾਂ, ਬਾਂਡੀ ਜੋਨ ਤੋਂ ਮਨਜੀਤ ਕੌਰ ਨੇ 659 ਵੋਟਾਂ ਨਾਲ ਚੋਣ ਜਿੱਤੀ ਹੈ। ਏਦਾਂ ਹੀ ਪ੍ਰੋਫੈਸਰ ਬਲਜਿੰਦਰ ਕੌਰ ਦੇ ਹਲਕਾ ਤਲਵੰਡੀ ਸਾਬੋ ਅਧੀਨ ਆਉਂਦੇ ਜੋਨ ਬੰਗੀ ਰੁਲਦੂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਸਪਾਲ ਕੌਰ ਨੇ 511 ਅਤੇ ਸੀਂਗੋ ਜੋਨ ਤੋਂ ਬੂਟਾ ਸਿੰਘ ਨੇ ਹਾਕਮ ਧਿਰ ਦੇ ਉਮੀਦਵਾਰਾਂ ਨੂੰ 1569 ਵੋਟਾਂ ਨਾਲ ਹਰਾਇਆ ਹੈ।
ਬਠਿੰਡਾ ਦੇ ਦਿਲ ਜਿੱਤਣੇ ਵਹਿਮ
ਚੋਣ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਬਠਿੰਡਵੀਆਂ ਦੇ ਦਿੱਲ ਜਿੱਤਣੇ ਵਹਿਮ ਹੈ। ਇਸ ਜਿਲ੍ਹੇ ਨੇ ਧੁਨੰਤਰਾਂ ਨੂੰ ਹਰਾਇਆ ਵੀ ਹੈ ਅਤੇ ਨਵਿਆਂ ਨੂੰ ਤਾਜ ਵੀ ਬਖਸ਼ੇ ਹਨ। ਸਿਆਸੀ ਮਾਹਿਰ ਆਖਦੇ ਹਨ ਕਿ ਜਦੋਂ ਕੋਈ ਨੇਤਾ ਟਿੱਚ ਜਾਣਨ ਲੱਗਦਾ ਹੈ ਤਾਂ ਬਠਿੰਡਾ ਵਾਲੇ ਅਰਸ਼ਾਂ ਫਰਸ਼ ਤੇ ਸੁੱਟਣ ਲੱਗਿਆਂ ਵੀ ਮਿੰਟ ਲਾਉਂਦੇ ਹਨ।