ਹੈਲੀਕਾਪਟਰ ਬਾਰੇ ਖੰਭਾਂ ਦੀਆਂ ਡਾਰਾਂ ਬਣਾਉਣ ਵਾਲਿਆਂ ਨੂੰ ਸਹੀ ਤੱਥ ਪੇਸ਼ ਕਰਨ ਦੀ ਨਸੀਹਤ
ਅਸ਼ੋਕ ਵਰਮਾ
ਬਠਿੰਡਾ, 12 ਦਸੰਬਰ 2025 :ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਬਲਤੇਜ ਪੰਨੂ ਨੇ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਮੌਕੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਦੁਰਵਰਤੋਂ ਬਾਰੇ ਚੱਲ ਰਹੀ ਚਰਚਾ ਨੂੰ ‘ਬੇਬੁਨਿਆਦ ਅਫ਼ਵਾਹ’ ਕਰਾਰ ਦਿੰਦਿਆਂ, ਅਜਿਹਾ ਕਰਨ ਵਾਲਿਆਂ ਨੂੰ ਤੱਥ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਸਿਰਫ ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਗਵਰਨਰ ਨੇ ਹੈਲੀਕਾਪਟਰ ਵਰਤਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਗਿਆ ਬਗ਼ੈਰ ਹੈਲੀਕਾਪਟਰ ਦੀ ਵਰਤੋਂ ਰਾਜਪਾਲ ਵੀ ਨਹੀਂ ਕਰ ਸਕਦੇ, ਪਰ ਕੁੱਝ ਲੋਕ ਆਪਣੀ ਆਦਤ ਤੋਂ ਮਜ਼ਬੂਰ ਹੋ ਕੇ ਨਿਰ-ਆਧਾਰ ਸ਼ੋਸ਼ੇ ਛੱਡ ਰਹੇ ਹਨ।
ਉਨ੍ਹਾਂ ਤਤਕਾਲੀ ਸਰਕਾਰਾਂ ਨੂੰ ਕਟਹਿਰੇ ’ਚ ਖੜ੍ਹੇ ਕਰਦਿਆਂ ਆਖਿਆ ਕਿ ਹੈਲੀਕਾਪਟਰ ਦੀ ਦੁਰਵਰਤੋਂ ਉਦੋਂ ਹੁੰਦੀ ਸੀ, ਜਦੋਂ ਦਿੱਲੀ ਤੋਂ ਬੱਚਿਆਂ ਨੂੰ ਬਠਿੰਡੇ ਦੀਆਂ ਝੀਲਾਂ ’ਚ ਬੋਟਿੰਗ ਕਰਨ ਲਈ ਲਿਆਂਦਾ ਅਤੇ ਪੀਜ਼ੇ ਖੁਆ ਕੇ ਵਾਪਿਸ ਦਿੱਲੀ ਲਿਜਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜਾਂ ਦੁਰਵਰਤੋਂ ਉਦੋਂ ਹੁੰਦੀ ਸੀ ਜਦੋਂ ਪਾਕਿਸਤਾਨੀ ਮਹਿਲਾ ਦੇ ਕੁੱਤਿਆਂ ਨੂੰ ਸਰਕਾਰੀ ਹੈਲੀਕਾਪਟਰ ’ਤੇ ਸ਼ਿਮਲੇ ਲਿਜਾਇਆ ਜਾਂਦਾ ਸੀ। ਉਨ੍ਹਾਂ ਕਿਹਾ ਹੈ ਹੁਣ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ‘ਆਪ’ ਆਪਣੀ ਸਰਕਾਰ ਦੇ ਚਹੁੰ ਸਾਲਾਂ ਦੀ ਕਾਰਕਰਦਗੀ ਦੇ ਹਵਾਲੇ ਨਾਲ ਵੋਟਰਾਂ ਤੋਂ ਫ਼ਤਵਾ ਮੰਗ ਰਹੀ ਹੈ।
ਸ੍ਰੀ ਪੰਨੂ ਨੇ 600 ਯੂਨਿਟ ਮੁਫ਼ਤ ਬਿਜਲੀ ਦੇਣ, ਸਕੂਲਾਂ ਦੀ ਕਾਇਆ ਕਲਪ ਕਰਨ, ਮੁਹੱਲਾ ਕਲੀਨਿਕ ਖੋਲ੍ਹਣ, ਪਿੰਡਾਂ ’ਚ 3100 ਖੇਡ ਮੈਦਾਨ ਬਣਾਉਣ, 13 ਟੌਲ ਪਲਾਜ਼ੇ ਬੰਦ ਕਰਨ, ਸੜਕ ਸੁਰੱਖਿਆ ਫੋਰਸ ਗਠਿਤ ਕਰਨ ਤੋਂ ਇਲਾਵਾ ਪਿੰਡਾਂ ’ਚੋਂ ਪਰਚਾ ਸੱਭਿਆਚਾਰ ਖਤਮ ਕਰਨ, ਨਸ਼ਿਆਂ ਦੀ ਰੋਕਥਾਮ ਲਈ ਫੈਸਲਾਕੁਨ ਲੜਾਈ ਲੜਨ ਵਰਗੇ ਮੁੱਦੇ ਗਿਣਾਉਂਦਿਆਂ, ਇਨ੍ਹਾਂ ਨੂੰ ਸਰਕਾਰ ਦੀਆਂ ਮੀਲ ਪੱਥਰ ਪ੍ਰਾਪਤੀਆਂ ਦੱਸਿਆ। ਬਠਿੰਡਾ ਦੀ ਥਰਮਲ ਕਾਲੋਨੀ ਦੀ ਜ਼ਮੀਨ ਵੇਚੇ ਜਾਣ ਬਾਰੇ ਉਨ੍ਹਾਂ ਸੁਆਲ ਚੁੱਕਿਆ ਕਿ ਸਾਡੀ ਸਰਕਾਰ ਨੇ ਕਾਂਗਰਸੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਾਂਗ ਥਰਮਲ ਦੀ ਜ਼ਮੀਨ ਇਕ ਰੁਪਏ ਲੀਜ਼ ’ਤੇ ਤਾਂ ਨਹੀਂ ਕਿਸੇ ਨੂੰ ਦਿੱਤੀ? ਉਨ੍ਹਾਂ ਪੰਜਾਬ ’ਚ ਅਮਨ ਕਾਨੂੰਨ ਦੇ ਮੁੱਦੇ ’ਤੇ ਆਖਿਆ ਕਿ ਦੁਨੀਆਂ ਜਾਣਦੀ ਹੈ ਕਿ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੌਣ ਕਰਦਾ ਹੈ ਅਤੇ ਕੌਣ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਨਾਲ ਨਿਵਾਜਦਾ ਹੈ?
ਆਡੀਓ ਲੀਕ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਵੱਲੋਂ ਏਆਈ ਨਾਲ ਬਣਵਾਈ ਗਈ। ਡਾ. ਨਵਜੋਤ ਕੌਰ ਸਿੱਧੂ ਵੱਲੋਂ ਪਿਛਲੇ ਦਿਨੀਂ ਉਭਾਰੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਹੁਦਿਆਂ ਦੀ ਸੇਲ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜਾਣਦੇ ਹਨ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ 350 ਕਰੋੜ ਰੁਪਏ ਕਿਵੇਂ ਇਕੱਠੇ ਕੀਤੇ ਅਤੇ ਕਿਸ ਨੂੰ ਦਿੱਤੇ ਗਏ? ਉਨ੍ਹਾਂ ਆਖਿਆ ਕਿ ਸ੍ਰੀ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਦੱਸ ਹੀ ਦੇਣਾ ਚਾਹੀਦਾ ਹੈ। ਉਨ੍ਹਾਂ ਇੱਕ ਪ੍ਰਸ਼ਨ ਸਮੇਂ ਖੁਲਾਸਾ ਕੀਤਾ ਕਿ ਰਾਜਾ ਵੜਿੰਗ ਖ਼ਿਲਾਫ਼ ਬੱਸਾਂ ਨੂੰ ਬਾਡੀਆਂ ਲਾਉਣ ਦੇ ਮਾਮਲੇ ’ਚ ਜਾਂਚ ਚੱਲ ਰਹੀ ਹੈ।