ਵਿਦਿਆਰਥੀਆਂ ਨੂੰ ਕਦਰਾਂ ਕੀਮਤਾਂ ਤੇ ਆਧਾਰਿਤ ਸਿੱਖਿਆ ਦੇਣ ਲਈ ਇੱਕ ਰੋਜ਼ਾ ਟੂਰ ਲਾਇਆ
ਅਸ਼ੋਕ ਵਰਮਾ
ਮਾਨਸਾ, 3 ਦਸੰਬਰ 2025: ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾਕਟਰ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਵਿੱਚ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਫਫੜੇ ਭਾਈ ਕੇ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਬਠਿੰਡਾ ਸ਼ਹਿਰ ਦਾ ਇੱਕ ਰੋਜ਼ਾ ਸ਼ਿੱਖਿਆਤਮਕ ਟੂਰ ਲਗਾਇਆ ਗਿਆ। ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣਾ ਸੀ।
ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਗੁਰਮਤਿ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਕੇ ਉਤਸ਼ਾਹ ਪ੍ਰਗਟਾਇਆ। ਬਠਿੰਡਾ ਕਿਲ੍ਹੇ, ਰੋਜ਼ ਗਾਰਡਨ ,ਡੀਅਰ ਪਾਰਕ ਅਤੇ ਸਥਾਨਕ ਪ੍ਰਸਿੱਧ ਸਥਾਨਾਂ ਦਾ ਵੀ ਵਿਦਿਆਰਥੀਆਂ ਨੇ ਨਿਰੀਖਣ ਕੀਤਾ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਤਿਹਾਸਕ ਮਹੱਤਤਾ, ਸਥਾਨਕ ਭੂਗੋਲ ਅਤੇ ਸੰਸਕ੍ਰਿਤਿਕ ਵਿਰਾਸਤ ਬਾਰੇ ਜਾਣਕਾਰੀ ਦਿੱਤੀ।
ਟੂਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਿੱਖਿਆਤਮਕ ਗਤੀਵਿਧੀਆਂ ਵਿੱਚ ਵੀ ਭਾਗ ਲਿਆ।ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਇਸ ਕਿਸਮ ਦੇ ਟੂਰ ਵਿਦਿਆਰਥੀਆਂ ਦੇ ਕਿਤਾਬੀ ਗਿਆਨ ਤੋਂ ਇਲਾਵਾ ਅਸਲ ਜੀਵਨ ਨਾਲ ਜੋੜਦੇ ਹਨ। ਇਸ ਟੂਰ ਲਈ ਮੈਡਮ ਦੀਕਸ਼ਾ ਅਤੇ ਕੈਂਪਸ ਮਨੇਜਰ ਕੇਵਲ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।