ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਜਲਵਾਯੂ, ਸਥਿਰਤਾ ਅਤੇ ਮਨੁੱਖਤਾਵਾਦੀ ਸਿੱਖਿਆ 'ਤੇ ਕਾਨਫਰੰਸ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 3 ਦਸੰਬਰ 2025: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਐਸ਼ਨ (ਗੇਰਾ) ਦੇ ਸਹਿਯੋਗ ਨਾਲ ਮੰਗਲਵਾਰ ਨੂੰ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ‘ਐਜੂਕਾਨ 2025’ ਦਾ ਉਦਘਾਟਨ ਕੀਤਾ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ 2 ਅਤੇ 3 ਦਸੰਬਰ ਨੂੰ ਆਯੋਜਿਤ ਇਹ ਕਾਨਫਰੰਸ “ਐਜੂਕੇਸ਼ਨ ਫ਼ਾਰ ਸਸਟੇਨਿੰਗ ਕਲਾਈਮੇਟ ਐਂਡ ਰਿਜ਼ੀਲੈਂਸ: ਹਿਊਮਨਿਸਟਿਕ ਪਰਸਪੈਕਟਿਵਜ਼” ਥੀਮ 'ਤੇ ਕੇਂਦ੍ਰਿਤ ਹੈ, ਜਿਸ ਦਾ ਉਦੇਸ਼ ਸਿੱਖਿਆ ਨੂੰ ਜਲਵਾਯੂ ਸਥਿਰਤਾ, ਰਿਜ਼ੀਲੈਂਸ ਅਤੇ ਮਨੁੱਖੀ ਮੁੱਲਾਂ ਨਾਲ ਜੋੜਦੇ ਹੋਏ ਕੁਦਰਤ ਸੰਭਾਲ ‘ਤੇ ਵਿਸ਼ਵ ਪੱਧਰੀ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ।
ਉਦਘਾਟਨੀ ਸੈਸ਼ਨ ਵਿੱਚ ਐਨਸੀਟੀਈ ਦੇ ਚੇਅਰਮੈਨ ਪ੍ਰੋ. ਪੰਕਜ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜਲਵਾਯੂ ਜ਼ਿੰਮੇਵਾਰੀ ਸਿਰਫ਼ ਵਿਗਿਆਨਕ ਜਾਂ ਤਕਨੀਕੀ ਮਾਮਲਾ ਨਹੀਂ, ਸਗੋਂ ਮਨੁੱਖੀ ਸੰਵੇਦਨਾਵਾਂ, ਨੈਤਿਕਤਾ ਅਤੇ ਹਮਦਰਦੀ ਨਾਲ ਜੁੜੀ ਹੋਈ ਸਮੂਹਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਕਾਰਵਾਈ ਤਦੋਂ ਹੀ ਸਫਲ ਹੋਵੇਗੀ ਜੇ ਹਰ ਨਾਗਰਿਕ ਸਰਗਰਮ ਭੂਮਿਕਾ ਨਿਭਾਏ। ਉਨ੍ਹਾਂ ਐਨਈਪੀ–2020 ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਮਨੁੱਖਤਾਵਾਦੀ ਅਤੇ ਵਾਤਾਵਰਣਕ ਮੁੱਲਾਂ ਦਾ ਬੇਹਤਰੀਨ ਸੰਸਲੇਸ਼ਣ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਭਾਰਤੀ ਗਿਆਨ ਪਰੰਪਰਾ ਨੂੰ ਵਿਸ਼ਵ ਦ੍ਰਿਸ਼ਟੀਕੋਣ ਨਾਲ ਸਮਾਇਕ ਕਰਦੇ ਹੋਏ ਜਲਵਾਯੂ–ਸੰਵੇਦਨਸ਼ੀਲ ਅਤੇ ਸਮਾਜਕ ਤੌਰ ‘ਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਦਾ ਸੱਦਾ ਦਿੱਤਾ।
ਉਦਘਾਟਨੀ ਸਮਾਰੋਹ ਵਿੱਚ ਐਸਐਨਡੀਟੀ ਵੁਮੈਨ ਯੂਨੀਵਰਸਿਟੀ, ਮੁੰਬਈ ਦੀ ਸਾਬਕਾ ਵਾਈਸ-ਚਾਂਸਲਰ ਪ੍ਰੋ. ਵਸੁਧਾ ਕਾਮਤ ਨੇ “ਕਲਾਸਰੂਮਜ਼ ਟੂ ਕਲਾਈਮੇਟ ਐਕਸ਼ਨ: ਰੀਇਮੈਜਿਨਿੰਗ ਐਜੂਕੇਸ਼ਨ” ਵਿਸ਼ੇ ‘ਤੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਵੱਧ ਰਹੇ ਗਲੋਬਲ ਤਾਪਮਾਨ ਨੂੰ ਮਨੁੱਖਤਾ ਲਈ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਯੂਐਨ ਦੇ ਟਿਕਾਊ ਵਿਕਾਸ ਟੀਚਿਆਂ ਨੂੰ ‘ਸਰਵਾਈਵਲ ਟੂਲਜ਼’ ਦੱਸਿਆ। ਉਨ੍ਹਾਂ ਜਲ ਸੰਭਾਲ, ਵੈਟਲੈਂਡ ਬਹਾਲੀ, ਕਮਿਊਨਿਟੀ ਕਲੀਨਅੱਪ ਕੈਂਪ ਅਤੇ ਕੂੜਾ ਪ੍ਰਬੰਧਨ ਵਰਗੀਆਂ ਨੌਜਵਾਨਾਂ ਦੀ ਪਰਿਵਰਤਨਾਤਮਕ ਗਤੀਵਿਧੀਆਂ ਦੇ ਉਦਾਹਰਣ ਪੇਸ਼ ਕੀਤੇ ਅਤੇ ਵਿਦਿਆਰਥੀ–ਅਗਵਾਈ ਵਾਲੀ ਵਾਤਾਵਰਣਕ ਲੀਡਰਸ਼ਿਪ ਨੂੰ ਉਤਸ਼ਾਹਿਤ ਕੀਤਾ।
ਆਪਣੇ ਸਵਾਗਤੀ ਸੰਬੋਧਨ ਵਿੱਚ ਡਿਨ–ਇਨਚਾਰਜ ਅਕਾਦਮਿਕਸ ਪ੍ਰੋ. ਆਰ.ਕੇ. ਵੁਸੀਰਿਕਾ ਨੇ ਕਿਹਾ ਕਿ ਵਾਤਾਵਰਣਕ ਸਥਿਰਤਾ ਅਤੇ ਜਲਵਾਯੂ ਸਿੱਖਿਆ ਇੱਕ ਜ਼ਿੰਮੇਵਾਰ ਭਵਿੱਖ ਦੀ ਨੀਂਹ ਹਨ। ਇਸ ਮੌਕੇ ‘ਤੇ ਗੇਰਾ ਦੇ ਪ੍ਰਧਾਨ ਪ੍ਰੋ. ਐਸ.ਪੀ. ਮਲਹੋਤਰਾ ਅਤੇ ਗੇਰਾ ਹੈੱਡਕੁਆਰਟਰ ਦੇ ਪ੍ਰਧਾਨ ਪ੍ਰੋ. ਐਸ.ਕੇ. ਬਾਵਾ ਨੇ ਸਮੂਹਿਕ ਸਿੱਖਿਆ ਅਤੇ ਸੰਵਾਦ–ਅਧਾਰਿਤ ਅਕਾਦਮਿਕ ਸਹਿਯੋਗ ਦੇ ਵਿਜ਼ਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਰੋਹ ਦੌਰਾਨ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ, ਪ੍ਰੋਫੈਸਰ ਜਗਤਾਰ ਸਿੰਘ ਧੀਮਾਨ ਨੂੰ ਉਨ੍ਹਾਂ ਦੇ ਸ਼ਾਨਦਾਰ ਅਕਾਦਮਿਕ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰੋਫੈਸਰ ਪੰਕਜ ਅਰੋੜਾ ਦੁਆਰਾ ਦਿੱਤਾ ਗਿਆ। ਇਨਫੋਟੈਕ’ਐਨ’ਟੇਨਮੈਂਟ ਇੰਕ. ਦੇ ਸੀਈਓ ਡਾ. ਭੂਪੇਂਦਰ ਸਿੰਘ ਵੀ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਉਦਘਾਟਨੀ ਸੈਸ਼ਨ ਦੇ ਅੰਤ ਤੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।
ਐਜੂਕਾਨ 2025 ਵਿੱਚ ਭਾਰਤ, ਕੈਨੇਡਾ, ਨੇਪਾਲ, ਭੂਟਾਨ, ਯੂਨਾਈਟਡ ਕਿੰਗਡਮ, ਥਾਈਲੈਂਡ, ਸੰਯੁਕਤ ਰਾਜ ਅਮਰੀਕਾ, ਬੰਗਲਾਦੇਸ਼ ਅਤੇ ਸਵਿਟਜ਼ਰਲੈਂਡ ਤੋਂ ਉੱਘੇ ਵਿਦਵਾਨ, ਨੀਤੀਕਾਰ, ਵਿਗਿਆਨੀ, ਖੋਜਕਰਤਾ, ਅਧਿਆਪਕ ਅਤੇ ਨੌਜਵਾਨ ਨਵਾਸ਼ ਦੇ ਹਿੱਸਾ ਲੈ ਰਹੇ ਹਨ। ਇਹ ਪ੍ਰੋਗਰਾਮ ਆਰਗੈਨਾਈਜ਼ਿੰਗ ਸਕੱਤਰ ਡਾ. ਸ਼ਮਸ਼ੀਰ ਸਿੰਘ ਢਿੱਲੋਂ (ਸਿੱਖਿਆ ਵਿਭਾਗ ਮੁਖੀ ਅਤੇ ਡੀਨ), ਆਰਗੈਨਾਈਜ਼ਿੰਗ ਸਕੱਤਰ ਪ੍ਰੋ. ਦੀਪਕ ਚੌਹਾਨ (ਡੀਨ, ਸਕੂਲ ਆਫ਼ ਲੀਗਲ ਸਟੱਡੀਜ਼), ਜੌਇੰਟ ਆਰਗੈਨਾਈਜ਼ਿੰਗ ਸਕੱਤਰ ਪ੍ਰੋ. ਵਿਪਨ ਪਾਲ ਸਿੰਘ (ਅੰਗਰੇਜ਼ੀ ਵਿਭਾਗ ਮੁਖੀ) ਅਤੇ ਜੌਇੰਟ ਆਰਗੈਨਾਈਜ਼ਿੰਗ ਸਕੱਤਰ ਡਾ. ਸੰਜੀਵ ਕੁਮਾਰ (ਇਤਿਹਾਸ ਵਿਭਾਗ ਮੁਖੀ) ਦੀ ਅਗਵਾਈ ਹੇਠ ਸੁਚਾਰੂ ਤਰੀਕੇ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ।