ਆਕਸਫੋਰਡ ਸਕੂਲ ਭਗਤਾ ਭਾਈ ਦੇ ਨੰਨ੍ਹੇ ਵਿਦਿਆਰਥੀਆਂ ਦਾ ਅੱਜ ਰਿਹਾ “ਬੈਗ ਲੈੱਸ ਡੇਅ”
ਅਸ਼ੋਕ ਵਰਮਾ
ਭਗਤਾ ਭਾਈ, 15 ਨਵੰਬਰ 2025 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ਕਾ’ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਵਿੱਚ ਹਰ ਖਾਸ ਦਿਵਸ ਨੂੰ ਵਿਸ਼ੇਸ਼ ਤੌਰ ਅਤੇ ਬੜੇ ਵਿਲੱਖਣ ਤਰੀਕੇ ਨਾਲ ਮਨਾਇਆ ਜਾਂਦਾ ਹੈ।ਇਸ ਤਰ੍ਹਾਂ ਇਸ ਸੰਸਥਾ ਵਿੱਚ ਬਾਲ ਦਿਵਸ ਵੀ ਵਿਲੱਖਣ ਢੰਗ ਨਾਲ ਮਨਾਉਂਦੇ ਹੋਏ ਪ੍ਰੀ-ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਬੈਗ-ਲੈੱਸ ਦਿਨ ਰੱਖਿਆ ਗਿਆ ਤਾਂ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਬਾਹਰ ਆ ਕੇ ਰੋਜ਼ਾਨਾ ਦੀ ਜਿੰਦਗੀ ਵਿੱਚ ਕੰਮ ਆਉਣ ਵਾਲੀ ਨੈਤਿਕ ਪੜ੍ਹਾਈ ਕਰਵਾਈ ਜਾਵੇ।ਇਸ ਦਿਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਤਰੋ-ਤਾਜ਼ਾ ਕਰਨਾ ਵੀ ਸੀ।ਇਸ ਦਿਨ ਵਿਦਿਆਰਥੀਆਂ ਨੂੰ ਮੂਵੀ, ਕਾਰਟੂਨ ਸ਼ੋਅ ਦਿਖਾਏ ਗਏ। ਇਨ੍ਹਾਂ ਨੰਨ੍ਹੇ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਜਿਸ ਵਿੱਚ ਯੋਗਾ, ਪੀ.ਟੀ ਐਕਸਰਸਾਈਜ਼, ਤਸਮੇ ਬੰਨ੍ਹਣਾ, ਡਰਾਇੰਗ ਕਰਨਾ, ਪੇਂਟਿੰਗ ਕਰਨਾ ਆਲੇ-ਦੁਆਲੇ ਦੀ ਸਫ਼ਾਈ ਰੱਖਣਾ, ਹੈਂਡ ਵਾਸ਼ ਅੇਕਟੀਵਿਟੀ, ਡਰੈੱਸ ਅੱਪ ਹੋਣ, ਦੇ ਨਾਲ-ਨਾਲ ਸਾਇੰਸ ਦੇ ਅਲੱਗ-ਅਲੱਗ ਤਰ੍ਹਾਂ ਦੇ ਨਿੱਕੇ-ਨਿੱਕੇ ਪ੍ਰਯੋਗ ਵੀ ਕਰਵਾਏ ਗਏ।ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਫਨ ਗੇਮਜ਼ ਅਤੇ ਸਪੋਰਟਸ ਗੇਮਜ਼ ਜਿਵੇਂ ਸੈਕ ਰੇਸ, ਥ੍ਰੀ-ਲੈੱਗ ਰੇਸ, ਸਪੂਨ-ਲੈਮਨ ਰੇਸ ਅਤੇ ਰਿਲੇਅ ਰੇਸ ਕਰਵਾਈਆਂ ਗਈਆਂ।ਇਸ ਤੋਂ ਇਲਾਵਾ ਇਨ੍ਹਾਂ ਨੰਨ੍ਹੇ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਪਾ ਕੇ ਵੀ ਖੂਬ ਮਨੋਰੰਜਨ ਕੀਤਾ।ਇਸ ਦਿਨ ਬੱਚਿਆਂ ਨੇ ਖੇਡ-ਖੇਡ ਵਿੱਚ ਸਿੱਖੋ ਵਿਧੀ ਰਾਹੀਂ ਪੜ੍ਹਾਈ ਕੀਤੀ।ਇਸ ਦਿਨ ਸਾਰੇ ਵਿਦਿਆਰਥੀ ਹੀ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।ਇਸ ਸਮੇਂ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਨਿੱਕੇ-ਨਿੱਕੇ ਤੋਹਫ਼ੇ ਵੀ ਦਿੱਤੇ ਗਏ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਇਸ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।ਉਨ੍ਹਾਂ ਨੇ ਵਿਦਿਆਰਥੀਆਂ ਦੇ ਸਨਮੁੱਖ ਹੁੰਦੇ ਹੋਏ ਕਿ ਸਾਡੇ ਇਹ ਨੰਨ੍ਹੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ।ਇਸ ਲਈ ਇਨ੍ਹਾਂ ਨੂੰ ਹਰ ਪੱਖ ਤੋਂ ਤਰਾਸ਼ਣ ਲਈ ਵਧੇਰੇ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਬੱਚਿਆਂ ਨੂੰ ਇੱਕ ਦਿਨ ਲਈ ਬੈਗ ਲੈੱਸ ਰੱਖਣਾ ਵੀ ਬਹੁਤ ਹੀ ਅਨੰਦਦਾਇਕ ਅਤੇ ਖੁਸ਼ੀ ਦੇ ਅਹਿਮ ਪਲ ਹਨ।
ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਅਤੇ ਸਾਰੇ ਕੋਆਰਡੀਨੇਟਰਜ਼ ਨੇ ਵੀ ਬਾਲ ਦਿਵਸ ਦੀ ਵਧਾਈ ਦਿੱਤੀ ।