ਬੰਗਲੁਰੂ ‘ਚ ਭਿੜਨਗੇ ਗੱਤਕਾ ਯੋਧੇ : ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦੂਜਾ ਫੈਡਰੇਸ਼ਨ ਗੱਤਕਾ ਕੱਪ 7 ਤੋਂ 9 ਨਵੰਬਰ ਤੱਕ
ਗੱਤਕਾ ਪਹੁੰਚਣ ਲੱਗਾ ਵਿਸ਼ਵ ਪੱਧਰ 'ਤੇ : ਬੈਂਗਲੁਰੂ ‘ਚ ਕਰਾਂਗੇ ਕੌਮਾਂਤਰੀ ਕੱਪ ਲਈ ਭਾਰਤੀ ਗੱਤਕਾ ਟੀਮ ਦੀ ਚੋਣ - ਗਰੇਵਾਲ
ਚੰਡੀਗੜ੍ਹ, 6 ਨਵੰਬਰ, 2025 - ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਦੇਸ਼ ਦੀ ਸਰਵਉੱਚ ਕੌਮੀ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਵੱਲੋਂ 7 ਤੋਂ 9 ਨਵੰਬਰ ਤੱਕ ਬੰਗਲੁਰੂ ਸਿਟੀ ਯੂਨੀਵਰਸਿਟੀ, ਬੰਗਲੁਰੂ, ਕਰਨਾਟਕਾ ਵਿਖੇ ਦੂਜਾ ਫੈਡਰੇਸ਼ਨ ਗੱਤਕਾ ਕੱਪ-2025 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਰਤ ਦੇ ਬਿਹਤਰੀਨ ਨੌਜਵਾਨ ਗੱਤਕਈ ਯੋਧੇ ਰੋਮਾਂਚਕ ਜੰਗਜੂ ਮੁਕਾਬਲਿਆਂ ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ।
ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਉਪ-ਪ੍ਰਧਾਨ ਸੁਖਚੈਨ ਸਿੰਘ ਕਲਸਾਨੀ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨਾਂ ਸਲਾਨਾ ਕੌਮੀ ਮੁਕਾਬਲਿਆਂ ਵਿੱਚ 19 ਸਾਲ ਤੋਂ ਘੱਟ ਉਮਰ ਵਰਗ ਵਿੱਚ ਦਸ ਰਾਜਾਂ ਦੀਆਂ ਟੀਮਾਂ ਗੱਤਕਾ ਸੋਟੀ ਅਤੇ ਫੱਰੀ-ਸੋਟੀ ਈਵੈਂਟਾਂ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਿਊ.ਜੀ.ਐਫ.) ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ (ਏ.ਜੀ.ਐਫ.) ਦੀ ਅਗਵਾਈ ਹੇਠ ਆਯੋਜਿਤ ਇਹ ਸਮਾਗਮ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਦੇ ਨਾਲ-ਨਾਲ ਆਯੋਜਿਤ ਹੋਵੇਗਾ ਜਿੱਥੇ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਵੱਡਾ ਮੁਜੱਸਮਾ ਦੇਖਣ ਨੂੰ ਮਿਲੇਗਾ।
ਗੱਤਕਾ ਪ੍ਰਮੋਟਰ ਗਰੇਵਾਲ ਅਤੇ ਕਲਸਾਣੀ ਨੇ ਕਿਹਾ ਕਿ ਇਹ ਦੂਜਾ ਫੈਡਰੇਸ਼ਨ ਗੱਤਕਾ ਕੱਪ ਨਵੀਂ ਪੀੜ੍ਹੀ ਦੇ ਗੱਤਕਾ ਖਿਡਾਰੀਆਂ ਪ੍ਰਤਿਭਾ ਨੂੰ ਉਜਾਗਰ ਕਰੇਗਾ। ਉਨ੍ਹਾਂ ਦੱਸਿਆ ਕਿ ਬੰਗਲੁਰੂ ਦੇ ਸੋਨ ਤਗਮਾ ਜੇਤੂ ਮਾਸਕੋ ਵਿਖੇ ਅਗਲੇ ਸਾਲ 2026 ਵਿੱਚ ਹੋਣ ਵਾਲੀਆਂ ਪਹਿਲੀਆਂ ਕੌਮਾਂਤਰੀ ਪਾਈਥੀਅਨ ਸੱਭਿਆਚਾਰਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਿੱਧੀ ਟਿਕਟ ਹਾਸਲ ਕਰਨਗੇ ਜੋ ਕਿ ਗੱਤਕੇ ਦੀ ਵਿਸ਼ਵ ਯਾਤਰਾ ਵਿੱਚ ਇੱਕ ਵੱਡਾ ਕਦਮ ਸਾਬਤ ਹੋਵੇਗਾ।
ਐਡਵੋਕੇਟ ਗਰੇਵਾਲ ਨੇ ਕਿਹਾ ਕਿ ਐਨ.ਜੀ.ਏ.ਆਈ. ਨੂੰ ਡਬਲਿਊ.ਜੀ.ਐਫ. ਅਤੇ ਏ.ਜੀ.ਐਫ. ਤੋਂ ਮਾਨਤਾ ਮਿਲਣ ਕਰਕੇ ਦੇਸ਼ ਦੀ ਸਭ ਤੋਂ ਪੁਰਾਣੀ ਗੱਤਕਾ ਸੰਸਥਾ ਇਸ ਖੇਡ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਦੇ ਯੋਗ ਬਣੀ ਹੈ। ਇਸੇ ਅਗਵਾਈ ਸਦਕਾ ਹੀ ਐਨ.ਜੀ.ਏ.ਆਈ. ਵੱਲੋਂ ਇਸ ਖੇਡ ਨੂੰ ਕੌਮੀ ਪਾਈਥੀਅਨ ਸੱਭਿਆਚਾਰਕ ਖੇਡਾਂ, ਖੇਲੋ ਇੰਡੀਆ ਯੂਥ ਗੇਮਜ਼, ਨੈਸ਼ਨਲ ਗੇਮਜ਼, ਆਲ ਇੰਡੀਆ ਅੰਤਰ-ਯੂਨੀਵਰਸਿਟੀ ਟੂਰਨਾਮੈਂਟ ਅਤੇ ਨੈਸ਼ਨਲ ਸਕੂਲ ਖੇਡਾਂ ਵਿੱਚ ਮਾਨਤਾ ਮਿਲੀ ਹੈ।
ਹੋਰ ਵੇਰਵੇ ਦਿੰਦਿਆਂ ਐਨ.ਜੀ.ਏ.ਆਈ. ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਹਫਤੇ ਬੰਗਲੁਰੂ ਸ਼ਹਿਰ ਭਾਰਤੀ ਮਾਰਸ਼ਲ ਆਰਟਸ ਦਾ ਕੇਂਦਰ ਬਣੇਗਾ ਗਿਆ ਜਿੱਥੇ ਕੌਮੀ ਪੱਧਰੀ ਚੈਂਪੀਅਨਸ਼ਿਪ ਨੌਜਵਾਨ ਐਥਲੀਟਾਂ ਨੂੰ ਜੰਗਜੂ ਕਲਾ ਅਤੇ ਵਿਰਾਸਤੀ ਕਦਰਾਂ-ਕੀਮਤਾਂ ਨਾਲ ਜੋੜਨ ਲਈ ਇੱਕ ਪਲੇਟਫਾਰਮ ਹੋ ਨਿੱਬੜੇਗੀ। ਉਨ੍ਹਾਂ ਦੱਸਿਆ ਕਿ ਸਾਲ 2004 ਵਿੱਚ ਸਥਾਪਿਤ ਹੋਈ ਐਨ.ਜੀ.ਏ.ਆਈ. ਗੱਤਕਾ ਖੇਡ ਨੂੰ ਇੱਕ ਮਾਨਤਾ ਪ੍ਰਾਪਤ ਕੌਮਾਂਤਰੀ ਖੇਡ ਵਜੋਂ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ।
ਹਰਜੀਤ ਗਰੇਵਾਲ, ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ, ਨੇ ਐਲਾਨ ਕੀਤਾ ਕਿ ਤੀਜੇ ਫੈਡਰੇਸ਼ਨ ਗੱਤਕਾ ਕੱਪ ਤੋਂ ਪਹਿਲਾਂ ਡਬਲਯੂਜੀਐਫ ਅਤੇ ਏਜੀਐਫ ਵੱਲੋਂ ਅਗਲੇ ਸਾਲ ਸਾਂਝੇ ਤੌਰ 'ਤੇ ਪਹਿਲਾ ਕੌਮਾਂਤਰੀ ਫੈਡਰੇਸ਼ਨ ਗੱਤਕਾ ਕੱਪ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਕੌਮਾਂਤਰੀ ਮੁਕਾਬਲੇ ਦੋ ਦਹਾਕੇ ਪਹਿਲਾਂ ਗੱਤਕੇ ਦੀ ਪ੍ਰਫੁੱਲਤਾ ਲਈ ਸ਼ੁਰੂ ਹੋਈ ਯਾਤਰਾ ਬਾਰੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ ਜਿਸ ਵਿੱਚ ਇਸ ਪੁਰਾਤਨ ਮਾਰਸ਼ਲ ਆਰਟ ਨੂੰ ਦੁਨੀਆ ਭਰ ਵਿੱਚ ਇੱਕ ਮਾਨਤਾ ਪ੍ਰਾਪਤ ਖੇਡ ਵਜੋਂ ਮਾਨਤਾ ਦਿਵਾਉਣ ਦਾ ਬੀੜਾ ਚੁੱਕਿਆ ਗਿਆ ਸੀ।