ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ‘ਚ “ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ” ਦਾ ਸ਼ੁਭ ਆਰੰਭ:ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 1 ਨਵੰਬਰ,2025 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ” ਦਾ ਆਯੋਜਨ ਕੀਤਾ ਗਿਆ ਹੈ।
ਇਹ ਪ੍ਰਦਰਸ਼ਨੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਦੇ ਕੰਢੇ ਅੱਜ ਅਰਦਾਸ ਕਰਕੇ ਸ਼ੁਰੂ ਕੀਤੀ ਗਈ। ਇਹ ਪ੍ਰਦਰਸ਼ਨੀ 1 ਨਵੰਬਰ 2025 ਤੋਂ 10 ਨਵੰਬਰ 2025 ਤੱਕ, ਹਰ ਰੋਜ਼ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਸੰਗਤਾਂ ਲਈ ਖੁੱਲ੍ਹੀ ਰਹੇਗੀ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰੂ ਸਾਹਿਬ ਨੇ ਸਦਾ ਸੱਚ, ਸੇਵਾ ਤੇ ਨਾਮ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਇਸ ਪ੍ਰਦਰਸ਼ਨੀ ਰਾਹੀਂ ਸੰਗਤਾਂ ਨੂੰ ਸਿੱਖ ਧਰਮ, ਇਤਿਹਾਸ ਅਤੇ ਸਾਹਿਤ ਨਾਲ ਹੋਰ ਡੂੰਘਾਈ ਨਾਲ ਜੋੜਨ ਦਾ ਸੁਨਹਿਰਾ ਮੌਕਾ ਮਿਲੇਗਾ।
ਉਹਨਾਂ ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਆਪਣੇ ਪਰਿਵਾਰ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨ ਅਤੇ ਧਾਰਮਿਕ ਪੁਸਤਕਾਂ ਅਤੇ ਚਿੱਤਰ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਏ ਪ੍ਰਕਾਸ਼ਕਾਂ ਅਤੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ।
ਕਾਲਕਾ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਉਦੇਸ਼ ਸਿਰਫ਼ ਧਾਰਮਿਕ ਗਿਆਨ ਦਾ ਪ੍ਰਚਾਰ ਹੀ ਨਹੀਂ, ਬਲਕਿ ਨੌਜਵਾਨ ਪੀੜ੍ਹੀ ਵਿੱਚ ਗੁਰਮਤਿ ਪ੍ਰੇਰਣਾ ਦਾ ਸੰਚਾਰ ਕਰਨਾ ਵੀ ਹੈ, ਤਾਂ ਜੋ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ‘ਤੇ ਅਮਲ ਕਰ ਸਕਣ।