ਸੇਂਟ ਕਬੀਰ ਪਬਲਿਕ ਸਕੂਲ ਵਿੱਚ ਪੰਜਾਬ ਦਿਵਸ ਮੌਕੇ 'ਤੇ ਸੱਭਿਆਚਾਰਕ ਸਾਂਝ ਪਾਈ ਗਈ
ਰੋਹਿਤ ਗੁਪਤਾ
ਗੁਰਦਾਸਪੁਰ 1 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ-ਸੁਲਤਾਨਪੁਰ ਗੁਰਦਾਸਪੁਰ ਵਿੱਚ ਪੰਜਾਬ ਦਿਵਸ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਦੀ ਪ੍ਰਧਾਨਗੀ ਹੇਠ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸੱਤਵੀਂ ਜਮਾਤ ਦੀ ਵਿਦਿਆਰਥਣ ਸੁਹਾਨਾ ਸਿੰਘ ਨੇ ਪੰਜਾਬ ਦੇ ਇਤਿਹਾਸ ਸਬੰਧੀ ਵਿਚਾਰ ਪੇਸ਼ ਕਰਦਿਆਂ ਕੀਤੀ। ਇਸ ਉਪਰੰਤ ਨੌਂਵੀਂ ਜਮਾਤ ਦੀਆਂ ਵਿਦਿਆਰਥਣਾਂ ਆਕ੍ਰਿਤੀ ਅਤੇ ਅਵੰਤਿਕਾ ਨੇ ਸਟੇਜੀ ਕਾਰਵਾਈ ਨੂੰ ਅੱਗੇ ਤੋਰਿਆ।ਮਾਂ- ਬੋਲੀ ਪੰਜਾਬੀ ਦੀ ਮਿਠਾਸ ਦਾ ਜ਼ਿਕਰ ਸੱਤਵੀਂ ਜਮਾਤ ਦੇ ਵਿਦਿਆਰਥੀ ਗੁਰਅੰਮ੍ਰਿਤ ਸਿੰਘ ਨੇ ਆਪਣੀ ਕਵਿਤਾ ਰਾਹੀਂ ਕੀਤਾ।
ਪੰਜਾਬ ਦੀ ਪਵਿੱਤਰਤਾ , ਰੰਗੀਲੇਪਨ ਤੇ ਲੋਕਾਂ ਦੇ ਦ੍ਰਿੜ ਸੁਭਾਅ ਨੂੰ ਦਰਸਾਉਂਦੀ ਹੋਈ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਵਿੱਚ ਸਕਾਰਾਤਮਕ ਸੋਚ ਨੂੰ ਭਰਿਆ। ਪੰਜਾਬੀ ਅਤੇ ਪੰਜਾਬ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਮਧੁਰ ਗੀਤ ਛੇਵੀਂ ਜਮਾਤ ਦੇ ਵਿਦਿਆਰਥੀ ਅਵੰਸ਼ ਗਿੱਲ ਦੁਆਰਾ ਪੇਸ਼ ਕੀਤਾ ਗਿਆ। ਸਕੂਲ ਦੇ ਹਾਊਸ ਬੋਰਡਾਂ ਨੂੰ ਗੁਰਮੁਖੀ ਅੱਖਰਾਂ ਅਤੇ ਪੰਜਾਬ ਦੀਆਂ ਇਤਿਹਾਸਿਕ ਯਾਦਾਂ ਨਾਲ ਸਜਾਇਆ ਗਿਆ। ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਸੱਭਿਆਚਾਰਕ ਪੇਸ਼ਕਾਰੀ ਭੰਗੜੇ ਨਾਲ ਪੰਜਾਬੀਆਂ ਦੇ ਰੋਹਬ ਤੇ ਅਣਖੀਲੇ ਸੁਭਾਅ ਨੂੰ ਪ੍ਰਗਟਾਇਆ। ਸਮੁੱਚੇ ਰੂਪ ਵਿੱਚ ਪੰਜਾਬ ਦਿਵਸ ਦੇ ਮੌਕੇ ਸਕੂਲ ਵਿੱਚ ਖੁਸ਼ਨੁਮਾ ਮਾਹੌਲ ਬਣਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਜੀ ਅਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬ ਦਿਵਸ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਪੰਜਾਬ ਸਿਰਫ਼ ਪੰਜਾਬ ਨਹੀਂ ਸਾਡੀ ਪਹਿਚਾਣ ਹੈ।
ਨੌਜਵਾਨ ਪੀੜੀ ਪੰਜਾਬ ਦੀ ਤਰੱਕੀ ਦਾ ਧੁਰਾ ਹੈ ।ਆਓ,ਹਾਂ- ਪੱਖੀ ਸੋਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਸੁਚੱਜਾ ਪੰਜਾਬ ਸਿਰਜੀਏ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੇ ਰਹਿਣ ਅਤੇ ਸੱਭਿਆਚਾਰ ਸਾਂਭੀ ਰੱਖਣ ਦਾ ਸੰਦੇਸ਼ ਵੀ ਦਿੱਤਾ।