ਸੀਨੀਅਰ ਸਿਟਿਜ਼ਨ ਵੈਲਫੇਅਰ ਐਸੋਸੀਏਸ਼ਨ, ਪਟਿਆਲਾ ਅਤੇ ਗਿਆਨ ਦੀਪ ਸਾਹਿਤ ਸਾਧਨਾ ਮੰਚ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 1 ਨਵੰਬਰ 2025:- ਸੀਨੀਅਰ ਸਿਟਿਜ਼ਨ ਵੈਲਫੇਅਰ ਐਸੋਸੀਏਸ਼ਨ, ਪਟਿਆਲਾ ਵੱਲੋਂ ਡਾਕਟਰ ਜੀ ਐਸ ਅਨੰਦ ਦੀ ਅਗਵਾਈ ਵਿੱਚ ਪ੍ਰਸਿੱਧ ਸੰਸਥਾ ਗਿਆਨ ਦੀਪ ਸਾਹਿਤ ਸਾਧਨਾ ਮੰਚ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਜਿਸ ਵਿੱਚ 10 ਚੋਣਵੇਂ ਕਵੀਆਂ ਨੇ ਆਪਣੇ ਹੁਨਰ ਦਾ ਕਮਾਲ ਵਿਖਾਇਆ ਜਿਨ੍ਹਾਂ ਵਿੱਚ ਸ਼ਾਮਿਲ ਸਨ, ਕੁਲਦੀਪ ਜੋਧਪੁਰੀ, ਜਸਵਿੰਦਰ ਖਾਰਾ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼, ਕੁਲਵੰਤ ਸੈਦੋਕੇ, ਬੀ ਪੀ ਐਸ ਧਾਲੀਵਾਲ, ਪਰਵਿੰਦਰ ਸ਼ੋਖ, ਗੁਰਪ੍ਰੀਤ ਢਿੱਲੋਂ, ਡਾਕਟਰ ਜੀ ਐਸ ਅਨੰਦ ਤੇ ਜੀ ਐਸ ਚੰਨ ਪਟਿਆਲਵੀ। ਕਵੀ ਦਰਬਾਰ ਦੇ ਆਰੰਭ ਵਿੱਚ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਰਕੇਸ਼ ਰੰਚਨ ਨੇ ਪਹੁੰਚੇ ਕਵੀਆਂ ਦਾ ਸਨਮਾਨ ਪੂਰਵਕ ਸਵਾਗਤ ਕੀਤਾ। ਮੰਚ ਦੇ ਪ੍ਰਧਾਨ ਡਾਕਟਰ ਜੀ ਐਸ ਅਨੰਦ ਨੇ ਗਿਆਨਦੀਪ ਸਾਹਿਤ ਸਾਧਨਾ ਮੰਚ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ ਅਤੇ ਹਾਜ਼ਰ ਕਵੀਆਂ ਦੀ ਜਾਣ ਪਛਾਣ ਕਰਾਈ। ਕਵੀ ਦਰਬਾਰ ਦਾ ਸੰਚਾਲਨ ਮੰਚ ਦੇ ਸਕੱਤਰ ਜੀ ਐਸ ਚੰਨ ਪਟਿਆਲਵੀ ਨੇ ਬਹੁਤ ਹੀ ਖੂਬਸੂਰਤ ਅਤੇ ਰੌਚਕ ਢੰਗ ਨਾਲ ਕੀਤਾ। ਵੱਖੋ ਵੱਖ ਵਿਸ਼ਿਆਂ ‘ਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਰੰਗ ਬੰਨ੍ਹ ਦਿੱਤਾ। ਬਹੁਤੇ ਕਵੀਆਂ ਨੇ ਆਪਣਾ ਕਲਾਮ ਗਾ ਕੇ ਪੇਸ਼ ਕੀਤਾ। ਡੇਢ ਘੰਟੇ ਦੇ ਇਸ ਪ੍ਰੋਗਰਾਮ ਦਾ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜ਼ਨ ਸਾਥੀਆਂ ਨੇ ਭਰਪੂਰ ਆਨੰਦ ਮਾਣਿਆ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਐਸ ਪੀ ਕੌਲ ਨੇ ਕਵੀਆਂ ਦੇ ਕਲਾਮ ਤੇ ਪੇਸ਼ਕਾਰੀ ਦੀ ਤਾਰੀਫ਼ ਕੀਤੀ ਤੇ ਉਹਨਾਂ ਦਾ ਧੰਨਵਾਦ ਕੀਤਾ। ਮੀਤ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਮਦਾਨ ਨੇ ਆਏ ਕਵੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਅਤੇ ਕਵੀ ਦਰਬਾਰ ਦੇ ਆਯੋਜਨ ਲਈ ਗਿਆਨ ਦੀਪ ਸਾਹਿਤ ਸਾਧਨਾ ਮੰਚ ਦਾ ਧੰਨਵਾਦ ਕੀਤਾ।