'ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ' ਦਾ ਪਲੇਠਾ ਸਮਾਗਮ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ ਰਾਮ ਨਾਥ ਨੂੰ ਸਮਰਪਿਤ
ਚੰਡੀਗੜ੍ਹ 30 ਅਕਤੂਬਰ 2025- ਪੰਜਾਬ, ਪੰਜਾਬੀ ਦੀ ਮਜ਼ਬੂਤੀ ਅਤੇ ਸੂਫ਼ੀਆਂ, ਗੁਰੂਆਂ ਤੇ ਭਗਤਾਂ ਵੱਲੋਂ ਬਖ਼ਸ਼ਿਸ਼ ਕੀਤੇ ਖੇਤਰੀ ਵਿਲੱਖਣਤਾ ਵਾਲ਼ੇ ਮਾਨਵਵਾਦੀ ਫ਼ਲਸਫ਼ੇ ਦੀ ਪ੍ਰੇਰਨਾ ਨੂੰ ਅਧਾਰ ਬਣਾ ਕੇ ਕਾਰਜ ਕਰਨ ਵਾਲ਼ੀ ਨਵ-ਗਠਿਤ ਸੰਸਥਾ ' ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ' ਦਾ ਪਲੇਠਾ ਸਮਾਗਮ 1 ਨਵੰਬਰ 2024 ਨੂੰ ਪੰਜਾਬ ਦਿਵਸ ਮੌਕੇ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ ਰਾਮ ਨਾਥ ਦੇ ਯੋਗਦਾਨ ਨੂੰ ਉਜਾਗਰ ਕਰਨ ਹਿੱਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰ 1 , ਸੈਕਟਰ 28 -ਚੰਡੀਗੜ੍ਹ (ਮੱਧਿਆ ਮਾਰਗ) ਵਿਖੇ 11 ਵਜੇ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਸੰਸਥਾ ਦੇ ਬਾਨੀ ਅਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਨਾਲ ਸੰਜੀਦਗੀ ਨਾਲ਼ ਜੁੜੇ ਹੋਏ ਪੰਜਾਬੀ ਦੇ ਨਾਮਵਰ ਲੇਖਕ ਅਤੇ ਚਿੰਤਕ ਸ.ਹਰਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੰਤਵ ਸੂਫ਼ੀਆਂ ,ਗੁਰੂਆਂ, ਭਗਤਾਂ ਅਤੇ ਲੋਕ ਨਾਇਕਾਂ ਵੱਲੋਂ ਪੈਦਾ ਕੀਤੀਆਂ ਨਿੱਗਰ ਅਤੇ ਉੱਚੀਆਂ ਸੁੱਚੀਆਂ ਇਨਸਾਨੀ ਕਦਰਾਂ ਕੀਮਤਾਂ ਤੋਂ ਪ੍ਰੇਰਨਾ ਲੈ ਕੇ ਲੋਕ ਭਲਾਈ ਦੇ ਕਾਰਜ ਕਰਨਾ ਅਤੇ ਨਵੀਂ ਨਸਲ ਨੂੰ ਇਸ ਪੰਜਾਬੀ ਬੋਲੀ, ਅਦਬ ਅਤੇ ਵਿਰਸੇ ਨਾਲ਼ ਜੋੜਨਾ ਹੈ ਜਿਸ ਵਿੱਚ ਇਹ ਪੈਦਾ ਹੋਇਆ ਹੈ ਤਾਂ ਕਿ ਉਹ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਜਾਰੀ ਰੱਖ ਸਕਣ।
ਇਸ ਸੰਧਰਭ ਵਿੱਚ ਹੀ ਸੰਸਥਾ ਦਾ ਪਹਿਲਾ ਪ੍ਰੋਗਰਾਮ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਸੱਚੇ ਪਰ ਅਣਗੌਲੇ ਸਪੂਤ ਸੇਠ ਰਾਮ ਨਾਥ ,ਜਿਹਨਾਂ ਨੇ ਉਸ ਸਮੇਂ ਆਪਣੀ ਰਾਜਨੀਤਕ ਪਾਰਟੀ (ਕਾਂਗਰਸ) ਦੀ ਸੋਚ ਤੋਂ ਉਲਟ ਜਾ ਕੇ ਪੰਜਾਬੀ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬੇ ਦਾ ਗਠਨ ਕਰਨ ਦਾ ਸਮਰਥਨ ਕੀਤਾ, ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਨੌਜੁਆਨ ਪੀੜ੍ਹੀ ਪੰਜਾਬ ਅਤੇ ਪੰਜਾਬੀ ਦੇ ਅਜਿਹੇ ਪ੍ਰਤੀਬੱਧ ਨਾਇਕਾਂ ਬਾਰੇ ਜਾਗਰੂਕ ਹੋ ਸਕੇ ਅਤੇ ਪ੍ਰੇਰਨਾ ਲੈ ਸਕੇ। ਸੰਸਥਾ ਦੇ ਮੀਡੀਆ ਕੋਆਰਡੀਨੇਟਰ ਸ. ਜਗਦੀਪ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਗਰਾਮ ਵਿੱਚ ਪੰਜਾਬ ਦੇ ਨਾਮਵਰ ਲੇਖਕ,ਪੱਤਰਕਾਰ, ਬੁੱਧੀਜੀਵੀ,ਉੱਚ ਤਜ਼ਰਬੇਕਾਰ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਸਮਾਜਵਿਗਿਆਨੀ ਹਿੱਸਾ ਲੈ ਰਹੇ ਹਨ ਜਿਹਨਾਂ ਵਿੱਚ ਸ੍ਰੀ ਜੰਗ ਬਹਾਦਰ ਗੋਇਲ,ਡਾ. ਪਿਆਰੇ ਲਾਲ ਗਰਗ, ਡਾ. ਮਨਮੋਹਨ,ਸ੍ਰੀ ਹਰੀਸ਼ ਪੁਰੀ ,ਸਰਬਜੀਤ ਧਾਲੀਵਾਲ ਅਤੇ ਲਖਮੀਰ ਸਿੰਘ ਸ਼ਾਮਲ ਹਨ।