ਜ਼ਿਮਨੀ ਚੋਣ ਦੌਰਾਨ ਐਨ ਪੀ ਐਸ ਤੋਂ ਪੀੜਤ ਕਰਮਚਾਰੀ ਝੰਡਾ ਮਾਰਚ ਕਰਨਗੇ "-ਮਾਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,26 ਅਕਤੂਬਰ,2025
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਸਥਾਨਿਕ ਬਾਰਾਂਦਰੀ ਪਾਰਕ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਸਾਂਝੇ ਤੌਰ ਤੇ 02 ਨਵੰਬਰ ਨੂੰ ਤਰਨਤਾਰਨ ਵਿਖੇ ਝੰਡਾ ਮਾਰਚ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਲਾਜ਼ਮ ਤੇ ਲੋਕ ਵਿਰੋਧੀ ਚਿਹਰਾ ਜ਼ਿਮਨੀ ਚੋਣ ਦੌਰਾਨ ਵੋਟਰਾਂ ਦੀ ਕਚਹਿਰੀ ਵਿੱਚ ਨਸ਼ਰ ਕਰਨਗੇ । ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਨੂੰ ਲਿਖਤੀ ਗਰੰਟੀ ਦਿੱਤੀ ਸੀ ਕਿ ਪੰਜਾਬ ਵਿੱਚ ਆਪ ਸਰਕਾਰ ਬਣਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ, ਪਰ ਪੰਜਾਬ ਸਰਕਾਰ ਦੁਆਰਾ 18 ਨਵੰਬਰ 2022 ਨੂੰ ਦਿਵਾਲੀ ਤੋਂ ਪਹਿਲਾਂ ਕੀਤਾ ਆਪਣਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਕਰ ਪਾਈ। ਜਦਕਿ ਗੁਆਂਢੀ ਸੂਬੇ ਹਿਮਾਚਲ ਨੇ ਛੇ ਮਹੀਨੇ ਅੰਦਰ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਆਪਣਾ ਚੋਣ ਵਾਅਦਾ ਇਮਾਨਦਾਰੀ ਨਾਲ ਨਿਭਾਇਆ। ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦੀ ਮੁੱਖ ਮੰਤਰੀ ਦੇ ਐਲਾਨ ਤੋਂ ਚਾਰ ਸਾਲ ਬਾਅਦ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਅਤੇ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਨੂੰ ਐਨ ਪੀ ਐਸ ਅਧੀਨ ਹੀ ਨਿਗੂਣੀ ਪੈਨਸ਼ਨ ਦਿੱਤੀ ਜਾ ਰਹੀ। ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੀ ਇਸ ਧੱਕੇਸ਼ਾਹੀ ਨੂੰ ਲੋਕ ਕਚਹਿਰੀ ਵਿੱਚ ਤਰਨਤਾਰਨ ਜਿਮਨੀ ਚੋਣ ਦੌਰਾਨ ਝੰਡਾ ਮਾਰਚ ਕਰ ਵੋਟਰਾਂ ਨੂੰ ਦੱਸਣਗੇ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਪ੍ਰਤੀ ਵੋਟਰਾਂ ਨੂੰ ਜਾਗਰੂਕ ਕਰਨਗੇ। ਇਸ ਮੌਕੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐਡ ਫਰੰਟ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਦੇਸ਼ ਦੇ 70 ਲੱਖ ਐੱਨ ਪੀ ਐੱਸ ਤੋਂ ਪੀੜਤ ਮੁਲਾਜ਼ਮ 25 ਨਵੰਬਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਮਹਾਰੈਲੀ ਕਰਨਗੇ ਤੇ ਕੇਂਦਰ ਤੇ ਰਾਜ ਸਰਕਾਰ ਨੂੰ ਸਪਸ਼ਟ ਸੁਨੇਹਾ ਦੇਣਗੇ ਕਿ ਐਨ ਪੀ ਐਸ ਵਿੱਚ ਸਾਨੂੰ ਕੋਈ ਸੋਧ ਜਾਂ ਯੂ ਪੀ ਐਸ ਨਹੀਂ ਚਾਹੀਦੀ । ਦੇਸ਼ ਦੀ ਤਰੱਕੀ ਵਿੱਚ ਦਿਨ ਰਾਤ ਇਕ ਕਰਨ ਵਾਲੇ ਕਰਮਚਾਰੀ ਨੂੰ ਹੁਣ ਪੁਰਾਣੀ ਪੈਨਸ਼ਨ ਬਹਾਲੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕਿਉਂਕਿ ਜੇਕਰ ਪੰਜ ਸਾਲਾਂ ਲਈ ਚੁਣਿਆ ਜਾਣ ਵਾਲਾ ਵਿਧਾਇਕ ਜਾਂ ਸੰਸਦ ਪੁਰਾਣੀ ਪੈਨਸ਼ਨ ਦਾ ਹੱਕਦਾਰ ਹੈ ਤਾਂ ਸਾਰੀ ਉਮਰ ਦੇਸ਼ ਸੇਵਾ ਵਿੱਚ ਲਾਉਣ ਵਾਲਾ ਕਰਮਚਾਰੀ ਕਿਉਂ ਨਹੀਂ।
ਉਨ੍ਹਾਂ ਕਿਹਾ ਕਿ ਬੀ ਐਡ ਫਰੰਟ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਪੂਰਾ ਸਾਥ ਦੇਵੇਗਾ। ਇਸ ਮੌਕੇ ਨਰੰਜਣਜੋਤ ਚਾਂਦਪੁਰੀ ਸੂਬਾ ਸਕੱਤਰ ਸਰਕਾਰੀ ਸਕੂਲ ਲੈਬਾਰਟਰੀ ਅਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਿਤ ਹੋਈ ਹੈ।ਪੰਜਾਬ ਦੀ ਮੌਜੂਦਾ ਸਰਕਾਰ ਨੇ ਥਾਂ-ਥਾਂ ਆਪਣੀ ਮਸ਼ਹੂਰੀ ਦੇ ਬੋਰਡ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 10 ਕਾਰਾਂ ਅਤੇ 20 ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਐਨ ਪੀ ਐਸ ਤੋਂ ਪੀੜਤ ਕਰਮਚਾਰੀ ਤਰਨਤਾਰਨ ਵਿਖੇ ਝੰਡਾ ਮਾਰਚ ਵਿੱਚ ਭਾਗ ਲੈਣਗੇ।ਇਸ ਮੌਕੇ ਸਤਨਾਮ ਧੌਲ,ਸੁਖਜਿੰਦਰ ਸਿੰਬਲੀ,ਰਾਮੇਸ਼ ਚੰਦ,ਸੁਮਿਤ ਛਾਬੜਾ,ਰਮਨ ਕੁਮਾਰ,ਨਿਰਮਲ ਕੁਮਾਰ,ਗੁਰਦੀਪ ਸਿੰਘ,ਪਿੰਕੀ ਦੇਵੀ,ਸੁਰਿੰਦਰ ਕੌਰ,ਜਸਵਿੰਦਰ ਕੌਰ,ਸੋਨੀਆ ਅਤੇ ਰੀਤੂ ਆਦਿ ਹਾਜ਼ਰ ਸਨ।