ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਤੇ ਹੋਰ ਜਰੂਰੀ ਸਮੱਗਰੀ ਦੀ ਵੰਡ
ਰੋਹਿਤ ਗੁਪਤਾ
ਗੁਰਦਾਸਪੁਰ, 25 ਅਕਤੂਬਰ
ਸੈਂਟਰ ਫਾਰ ਯੂਥ ਡਿਵੈਲਪਮੈਂਟ ਐਂਡ ਐਕਟੀਵਿਟੀਜ਼ (ਸੀ.ਵਾਈ.ਡੀ.ਏ) ਵੱਲੋਂ ਉਡਾਨ ਐਨ.ਜੀ.ਓ ਗੁਰਦਾਸਪੁਰ ਦੇ ਸਹਿਯੋਗ ਨਾਲ ਕਸਬਾ ਰਾਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਵੰਡ ਮੁਹਿੰਮ ਚਲਾਈ ਗਈ। ਇਸ ਦੌਰਾਨ ਵਾਰਡ ਨੰਬਰ 4 ਅਤੇ 5 ਦੇ ਹੜ੍ਹ ਪੀੜਤ ਪਰਿਵਾਰਾਂ ਨੂੰ 100 ਜਰੂਰੀ ਰਾਸ਼ਨ ਕਿੱਟਾਂ ਦੇ ਨਾਲ ਨਾਲ ਕੰਬਲ, ਚਟਾਈਆਂ ਅਤੇ ਬਰਤਨਾਂ ਦੇ ਸੈੱਟ ਵੰਡੇ ਗਏ।
ਉਕਤ ਲਾਭਪਾਤਰੀ ਪਰਿਵਾਰ ਝੁੱਗੀਆਂ-ਝੋਪੜੀਆਂ ਵਿੱਚ ਰਹਿਣ ਵਾਲੇ ਮਜਦੂਰ ਵਰਗ ਨਾਲ ਸਬੰਧਤ ਸਨ, ਜਿਨ੍ਹਾਂ ਨੇ ਹਾਲ ਹੀ ਵਿੱਚ ਆਈ ਭਿਆਨਕ ਹੜ੍ਹ ਕਾਰਨ ਆਪਣੀ ਰੋਜ਼ੀ-ਰੋਟੀ ਗੁਆ ਦਿੱਤੀ ਸੀ। ਖੇਤਾਂ ਅਤੇ ਫਸਲਾਂ ਦੇ ਪੂਰੀ ਤਰ੍ਹਾਂ ਤਬਾਹ ਹੋ ਜਾਣ ਕਾਰਨ ਕਿਸਾਨਾਂ ਤੇ ਮਜਦੂਰਾਂ ਦੀ ਆਰਥਿਕ ਹਾਲਤ ਨਾਜ਼ੁਕ ਹੋ ਗਈ ਹੈ। ਇਸ ਮੁਸ਼ਕਲ ਵੇਲੇ ਵਿੱਚ ਉਨ੍ਹਾਂ ਲਈ ਭੋਜਨ ਸਮੱਗਰੀ ਹੀ ਸਭ ਤੋਂ ਵੱਡੀ ਮਦਦ ਹੈ।
ਇਸ ਮੌਕੇ ਤੇ ਸੀ.ਵਾਈ.ਡੀ.ਏ ਦੇ ਚੰਦਨ ਸਿੰਘ ਨੇ ਖੁਦ ਮੌਕੇ ਦਾ ਦੌਰਾ ਕਰਕੇ ਸਥਾਨਕ ਵਾਰਡ ਮੈਂਬਰਾਂ ਅਤੇ ਨਿਵਾਸੀਆਂ ਨਾਲ ਤਾਲਮੇਲ ਕਰਕੇ ਰਾਹਤ ਸਮੱਗਰੀ ਦੀ ਵੰਡ ਸੁਚਾਰੂ ਤਰੀਕੇ ਨਾਲ ਕੀਤੀ।
ਇਸ ਸਮੇਂ ਉਡਾਨ ਐਨ.ਜੀ.ਓ ਦੇ ਪ੍ਰਧਾਨ ਬਲਜੀਤ ਸਿੰਘ, ਸਿਮਰਜੀਤ ਸਿੰਘ, ਸੁਰਿੰਦਰ ਪਾਲ ਕਾਲੀਆ, ਅਮਰਦੀਪ ਸਿੰਘ ਫੌਰੀ ਸਮੇਤ ਹੋਰ ਵਲੰਟੀਅਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਹੜ੍ਹ ਪੀੜਤਾਂ ਤੱਕ ਸਹਾਇਤਾ ਪਹੁੰਚਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ।
ਇਸ ਮੌਕੇ ਸੰਗਠਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਸਧਾਰਨ ਜੀਵਨ ਜੀਉਣ ਲਈ ਸਹਾਰਾ ਮਿਲ ਸਕੇ।