ਇਤਿਹਾਸਕ ਕਰਵਟ”: ਪਲਾਸੀ ਦਾ ਪਿਛੋਕੜ-ਪੰਜਾਬੀ ਦਾ ਭਵਿੱਖ
ਹੇਸਟਿੰਗਜ਼ ਲਾਇਬ੍ਰੇਰੀ ਅੰਦਰ 6ਵੇਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਮੁੱਖ ਦੁਆਰ ਉਤੇ ਸ਼ਾਨਦਾਰ ‘ਲਾਇਬ੍ਰੇਰੀ ਡਿਸਪਲੇਅ’
-3 ਤੋਂ 9 ਨਵੰਬਰ ਤੱਕ ਨਿਊਜ਼ੀਲੈਂਡ ’ਚ ਹੈ ‘ਪੰਜਾਬੀ ਭਾਸ਼ਾ ਹਫ਼ਤਾ’
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 14 ਅਕਤੂਬਰ 2025 - ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗਜ਼ ਦਾ ਭਾਰਤ, ਖਾਸ ਕਰਕੇ ਪੰਜਾਬ ਖੇਤਰ ਅਤੇ ਪੰਜਾਬੀ ਭਾਈਚਾਰੇ ਨਾਲ ਮਹੱਤਵਪੂਰਨ ਸਬੰਧ ਹੈ। ਇਹ ਸਬੰਧ ਸ਼ਹਿਰ ਦੇ ਇਤਿਹਾਸਕ ਨਾਮਕਰਨ ਅਤੇ ਇਸ ਦੇ ਸਮਕਾਲੀ, ਸਰਗਰਮ ਭਾਈਚਾਰੇ ਦੋਵਾਂ ਵਿੱਚ ਪ੍ਰਤੱਖ ਹੈ। ਹੇਸਟਿੰਗਜ਼ ਦਾ ਨਾਮ ਖੁਦ ਬ੍ਰਿਟਿਸ਼ ਭਾਰਤ ਨਾਲ ਇੱਕ ਇਤਿਹਾਸਕ ਕੜੀ ਰੱਖਦਾ ਹੈ। ਇਸ ਸ਼ਹਿਰ ਦਾ ਨਾਮ ਵਾਰਨ ਹੇਸਟਿੰਗਜ਼ ਦੇ ਨਾਮ ’ਤੇ ਰੱਖਿਆ ਗਿਆ ਸੀ, ਜੋ ਕਿ 18ਵੀਂ ਸਦੀ ਦੇ ਬ੍ਰਿਟਿਸ਼ ਭਾਰਤ ਵਿੱਚ ਇੱਕ ਪ੍ਰਮੁੱਖ ਹਸਤੀ ਸੀ ਅਤੇ ਬੰਗਾਲ ਦਾ ਪਹਿਲਾ ਗਵਰਨਰ-ਜਨਰਲ ਸੀ। ਉਹ ਇਥੇ ਕਦੇ ਨਹੀਂ ਆਏ ਪਰ ਬਸਤੀਬਾਦ ਵੇਲੇ ਬਿ੍ਰਟਿਸ਼ ਲੋਕ ਨਾਮਣਾ ਖੱਟਣ ਵਾਲੇ ਅਫਸਰਾਂ ਦੇ ਨਾਂਅ ਉਤੇ ਸ਼ਹਿਰਾਂ ਦੇ ਨਾਂਅ ਰੱਖਦੇ ਸਨ ਤਾਂ ਕਿ ਬਸਤੀਵਾਦ ਦੇ ਵਿਚ ਉਨ੍ਹਾਂ ਦੇ ਪ੍ਰਸ਼ਾਸ਼ਨਿਕ ਹਸਤੀਆਂ ਦੀ ਝਲਕ ਦਿਸਦੀ ਰਹੇ।
ਵੱਡੇ ਹਾਕਸ ਬੇ ਖੇਤਰ (ਜਿੱਥੇ ਹੇਸਟਿੰਗਜ਼ ਸਥਿਤ ਹੈ) ਦੇ ਹੋਰ ਸਥਾਨਾਂ ਦੇ ਨਾਮ ਵੀ ਬ੍ਰਿਟਿਸ਼ ਭਾਰਤ ਨਾਲ ਜੁੜੇ ਵਿਅਕਤੀਆਂ ਅਤੇ ਘਟਨਾਵਾਂ ਦੀ ਯਾਦ ਦਿਵਾਉਂਦੇ ਹਨ, ਜਿਵੇਂ ਕਿ ਕਲਾਈਵ ਅਤੇ ਪਲਾਸੀ ਨਦੀ। ਪਲਾਸੀ ਨਦੀ ਦਾ ਨਾਂਅ ਹੁਣ ਮਾਓਰੀ ਨਾਮਕਰਨ ਹੋ ਚੁੱਕਾ ਹੈ। 1920 ਦੇ ਦਹਾਕੇ ਤੱਕ ਇਸ ਨੂੰ ਪਲਾਸੀ ਨਦੀ ਕਰਕੇ ਵੀ ਜਾਣਿਆ ਜਾਣ ਲੱਗਾ ਸੀ। ਵਰਨਣਯੋਗ ਹੈ ਕਿ ਪਲਾਸੀ (ਪਿੰਡ ਪਲਾਸੀ ਜ਼ਿਲਾ ਨਾਦੀਆ, ਪੱਛਮੀ ਬੰਗਾਲ) ਨੂੰ ਇਤਿਹਾਸ ਵਿੱਚ ਇਸ ਲਈ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ 23 ਜੂਨ 1757 ਨੂੰ ਪਲਾਸੀ ਦੀ ਲੜਾਈ ਹੋਈ ਸੀ, ਜਿਸਨੂੰ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਰਾਜ ਦੀ ਸ਼ੁਰੂਆਤ ਦਾ ਮੁੱਖ ਮੋੜ ਮੰਨਿਆ ਜਾਂਦਾ ਹੈ।
ਕਲਾਈਵ ਨਗਰ ਵੀ ਭਾਰਤੀ ਬਿ੍ਰਟਿਸ਼ ਫੌਜੀ ਅਫਸਰ ਰੌਬਰਟ ਕਲਾਈਵ, ਪਲਾਸੀ ਦੇ ਪਹਿਲੇ ਬੈਰਨ ਕਲਾਈਵ (ਕਲਾਈਵ ਆਫ਼ ਇੰਡੀਆ) ਦੇ ਨਾਂਅ ਉਤੇ ਰੱਖਿਆ ਗਿਆ ਭਾਵੇਂ ਉਹ ਕਦੇ ਵੀ ਨਿਊਜ਼ੀਲੈਂਡ ਨਹੀਂ ਆਏ।
ਵੱਡੇ ਹਾਕਸ ਬੇ ਖੇਤਰ, ਜਿਸ ਵਿੱਚ ਹੇਸਟਿੰਗਜ਼ ਸ਼ਾਮਲ ਹੈ, ਵਿੱਚ 2023 ਦੀ ਮਰਦਮਸ਼ੁਮਾਰੀ ਅਨੁਸਾਰ ਤਕਰੀਬਨ 1,650 ਲੋਕਾਂ ਨੇ ਸਿੱਖ ਵਜੋਂ ਪਛਾਣ ਕੀਤੀ। ਹੇਸਟਿੰਗਜ਼ ਵਿਖੇ ਦੋ ਗੁਰਦੁਆਰਾ ਸਾਹਿਬਨ ਹਨ, ਜੋ ਪੰਜਾਬੀ ਮੂਲ ਦੇ ਲੋਕਾਂ ਸਮੇਤ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਸੋ ਇਸ ਖੇਤਰ ਦਾ ਸਬੰਧ ਜਿੱਥੇ ਪਲਾਸੀ ਦੀ ਲੜਾਈ ਦੇ ਇਤਿਹਾਸਕ ਦਰਦ ਨੂੰ ਦਰਸਾਉਂਦਾ ਹੈ ਉਥੇ ਇਸੇ ਖੇਤਰ ਦੇ ਵਿਚ ਪੰਜਾਬੀ ਦਾ ਬੋਲਬਾਲਾ ਲਾਇਬ੍ਰੇਰੀਆਂ ਤੱਕ ਕਾਇਮ ਕਰਨਾ ਵੀ ਕਾਬਲੇਤਾਰੀਫ ਅਤੇ ਭਵਿੱਖ ਦੇ ਵਿਚ ਇਤਿਹਾਸਕ ਕਰਵਟ ਵਾਂਗ ਹੈ।
ਸਾਡੀ ਭਾਸ਼ਾ-ਸਾਡੀ ਵਿਰਾਸਤ
ਆਓ ਪੰਜਾਬੀ ਨੂੰ ਪਿਆਰ ਕਰੀਏ
02 ਨਵੰਬਰ ਨੂੰ ‘ਟੋਇਟੋਇ-ਹਾਕਸ ਬੇਅ ਆਰਟ ਐਂਡ ਈਵੈਂਟ ਸੈਂਟਰ’ ਹੇਸਟਿੰਗਜ਼ ਵਿਖੇ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ‘ਛੇਵਾਂ ਪੰਜਾਬੀ ਭਾਸ਼ਾ ਹਫ਼ਤਾ’ ਮਨਾਇਆ ਜਾ ਰਿਹਾ ਹੈ। ਇਥੇ ਸਭ ਨੂੰ ਬੱਚਿਆਂ ਅਤੇ ਆਪਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ ਹੈ।