ਨਵਾਂਸ਼ਹਿਰ ਜ਼ਿਲ੍ਹੇ ‘ਚ 106 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 08 ਅਕਤੂਬਰ 2025 ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਨਵੀਨੀਕਰਨ ਅਤੇ ਨਵੇਂ ਢਾਂਚੇ ਦੀ ਉਸਾਰੀ ਲਈ 106 ਕਰੋੜ ਰੁਪਏ ਦੀ ਲਾਗਤ ਨਾਲ ਪਾਵਰਕਾਮ ਨਾਲ ਸੰਬੰਧਤ ਵੱਖ-ਵੱਖ ਕੰਮ ਕਰਵਾਏ ਜਾਣਗੇ।
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਨੇ ਅੱਜ ਸਥਾਨਕ ਬੰਗਾ ਰੋਡ ਵਿਖੇ ਸਥਿਤ ਪਾਵਰਕਾਮ ਦੇ ਦਫ਼ਤਰ ਤੋਂ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਖੇਤਰ ਵਿਚ ਅਗਾਂਹਵਧੂ ਕਦਮ ਚੁੱਕੇ ਹਨ ਜਿਨ੍ਹਾਂ ਸਦਕਾ ਦੇਸ਼ ਵਿਚ ਬਿਜਲੀ ਖੇਤਰ ਨੂੰ ਨਵੀ ਮਜ਼ਬੂਤੀ ਮਿਲੀ ਹੈ।
ਉਨ੍ਹਾਂ ਕਿਹਾ ਕਿ 106 ਕਰੋੜ ਰੁਪਏ ਦੀ ਲਾਗਤ ਵਾਲੇ ਕੰਮਾਂ ਦੇ ਮੁਕੰਮਲ ਹੋਣ ਨਾਲ ਜ਼ਿਲੇ ਵਿਚ ਬਿਜਲੀ ਸਪਲਾਈ ਹੋਰ ਸੁਚਾਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਵਿਚ ਪਾਵਰਕਾਮ ਵੱਲੋਂ ਫੀਡਰ ਡੀਲੋਡਿੰਗ, 66 ਕੇ.ਵੀ. ਨਵੇਂ ਸਬ-ਸਟੇਸ਼ਨ, 66 ਕੇ.ਵੀ. ਨਵੀਆਂ ਲਾਈਨਾਂ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਪੰਜਾਬ ਨੂੰ ਬਿਜਲੀ ਕੱਟਾਂ ਤੋਂ ਮੁਕਤ ਕਰਨ ਦੇ ਕੰਮਾਂ ਦੀ ਸ਼ੁਰੂਆਤ ਲਈ ਧੰਨਵਾਦ ਕਰਦਿਆਂ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਹ ਕੰਮ ਸ਼ੁਰੂ ਕਰਵਾਕੇ ਬਿਜਲੀ ਖੇਤਰ ਵਿੱਚ ਇਤਿਹਾਸਕ ਪਹਿਲਕਦਮੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਿਜਲੀ ਕੱਟਾਂ ਤੋਂ ਮੁਕਤ ਕਰਨ ਲਈ ਕਰੀਬ 5000 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਬਿਜਲੀ ਨਾਲ ਸੰਬੰਧਤ ਸਮੁੱਚੇ ਨੈਟਵਰਕ ਦੀ ਕਾਇਆਕਲਪ ਹੋ ਜਾਵੇਗੀ ਕਿਉਂਕਿ ਬਿਜਲੀ ਖੇਤਰ ਵਿਚ ਲੋੜੀਂਦੇ ਸੁਧਾਰਾਂ ਲਈ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਗਲੇ ਸਾਲ ਤੱਕ ਮੁਕੰਮਲ ਹੋਣ ਪਿੱਛੋਂ ਪੰਜਾਬ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਅਤੇ ਰੌਸ਼ਨ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ।
ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ, ਡਿਪਟੀ ਚੀਫ ਇੰਜੀਨੀਅਰ ਯੋਗੇਸ਼ ਕਪੂਰ, ਵਧੀਕ ਨਿਗਰਾਨ ਇੰਜੀਨੀਅਰ ਸੁਵਿਕਾਸ ਪਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।