ਹਰਭਜਨ ਸਿੰਘ ਈਟੀਓ ਵੱਲੋਂ ਗਹਿਰੀ ਮੰਡੀ ਅਤੇ ਮੱਲੀਆਂ ਵਿੱਚ 7 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ
ਗਹਿਰੀ ਮੰਡੀ ਦਾ ਹੋਵੇਗਾ ਸੁੰਦਰੀਕਰਨ ਅਤੇ ਮੱਲੀਆਂ ਵਿੱਚ ਬਣੇਗਾ ਹੈਲਥ ਐਂਡ ਵੈਲਨੈਸ ਸੈਂਟਰ
ਅੰਮ੍ਰਿਤਸਰ, 21 ਸਤੰਬਰ
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ.ਟੀ.ਓ ਵੱਲੋਂ ਅੱਜ ਆਪਣੇ ਹਲਕੇ ਦੇ ਮਸ਼ਹੂਰ ਪਿੰਡ ਗਹਿਰੀ ਮੰਡੀ ਦੇ ਸੁੰਦਰੀਕਰਨ ਅਤੇ ਮੱਲੀਆਂ ਪਿੰਡ ਵਿੱਚ ਬਣਨ ਵਾਲੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਨੀਂਹ ਪੱਥਰ ਰੱਖੇ ਗਏ। ਗਹਿਰੀ ਮੰਡੀ ਵਿਖੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਜੰਡਿਆਲਾ ਹਲਕੇ ਦਾ ਇਹ ਪਿੰਡ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ ਪਰ ਵਿਕਾਸ ਪੱਖੋਂ ਕਈ ਗੱਲਾਂ ਤੋਂ ਪਿਛੜਿਆ ਹੋਇਆ ਸੀ। ਉਹਨਾਂ ਦੱਸਿਆ ਕਿ ਜਦ ਮੈਂ ਗਹਿਰੀ ਮੰਡੀ ਦੀਆਂ ਲੋੜਾਂ ਬਾਬਤ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੇਰੇ ਵੱਲੋਂ ਪੇਸ਼ ਕੀਤੇ ਗਏ ਪ੍ਰੋਜੈਕਟ, ਜਿਸ ਉੱਤੇ ਕਰੀਬ 6.67 ਕਰੋੜ ਰੁਪਏ ਲੱਗਣੇ ਹਨ, ਨੂੰ ਪ੍ਰਵਾਨਗੀ ਦੇ ਦਿੱਤੀ। ਉਹਨਾਂ ਦੱਸਿਆ ਕਿ ਹੁਣ ਅਸੀਂ ਇੱਥੇ ਸੁੰਦਰ ਪਾਰਕ ਜਿਸ ਵਿੱਚ ਬਾਸਕਟਬਾਲ ਅਤੇ ਵਾਲੀਬਾਲ ਦੀ ਗਰਾਊਂਡ, ਓਪਨ ਜਿੰਮ, ਸੈਰ ਕਰਨ ਲਈ ਟਰੈਕ, ਬੈਠਣ ਲਈ ਦੋ ਗਜੀਬੋ, ਬਾਬਾ ਨਿਹਾਲ ਦਾਸ ਦੀ ਯਾਦ ਵਿੱਚ ਸੁੰਦਰ ਗੇਟ, ਪੰਜ ਵੱਡੀਆਂ ਗਲੀਆਂ ਅਤੇ ਬਾਜ਼ਾਰ ਨੂੰ ਅਪਗਰੇਡ ਕਰਨ ਜਾ ਰਹੇ ਹਾਂ। ਉਹਨਾਂ ਦੱਸਿਆ ਕਿ ਇੱਥੇ ਰੇਲਾਂ ਦੀ ਆਵਾਜਾਈ ਕਰਨ ਲੱਗਦੇ ਜਾਮ ਨੂੰ ਸਦਾ ਲਈ ਦੂਰ ਕਰਨ ਵਾਸਤੇ ਫਲਾਈ ਓਵਰ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਹ ਕੰਮ ਪੂਰੇ ਹੋਣ ਨਾਲ ਗਹਿਰੀ ਮੰਡੀ ਵਿੱਚ ਵੱਸਣਾ ਇੱਕ ਮਾਣ ਵਾਲੀ ਗੱਲ ਹੋ ਜਾਵੇਗੀ। ਇਸ ਮੌਕੇ ਗਹਿਰੀ ਮੰਡੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ।
ਇਸੇ ਦੌਰਾਨ ਕੈਬਨਿਟ ਮੰਤਰੀ ਨੇ ਹਲਕੇ ਦੇ ਪਿੰਡ ਮੱਲੀਆਂ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਹੈਲਥ ਐਂਡ ਵੈਲਨੈਸ ਸੈਂਟਰ ਦਾ ਨੀਹ ਪੱਥਰ ਰੱਖਿਆ, ਜਿਸ ਵਿੱਚ ਇੱਕ ਡਾਕਟਰ ਰੂਮ, ਡੇਅ ਕੇਅਰ ਰੂਮ,ਆਊਟਰੀਚ ਰੂਮ, ਲੈਬ ਰਿਕਾਰਡ ਰੂਮ, ਵੈਲਨੈਸ ਰੂਮ ਬਣਾਏ ਜਾਣਗੇ। ਉਹਨਾਂ ਕਿਹਾ ਕਿ ਪਿੱਛੇ ਚੱਲਦਾ ਸਿਹਤ ਕੇਂਦਰ ਸਰਕਾਰਾਂ ਦੀ ਅਣਦੇਖੀ ਕਾਰਨ ਖ਼ੁਦ ਬਿਮਾਰ ਸੀ ਅਤੇ ਹੁਣ ਅਸੀਂ ਇਸ ਨੂੰ ਅਪਗਰੇਡ ਕਰਨ ਜਾ ਰਹੇ ਹਾਂ, ਜਿਸ ਨਾਲ ਇਹ ਕੇਂਦਰ ਪਿੰਡ ਅਤੇ ਨੇੜਲੇ ਪਿੰਡਾਂ ਦੇ ਵਾਸੀਆਂ ਨੂੰ ਬਿਹਤਰ ਇਲਾਜ ਅਤੇ ਸਿਹਤ ਸੇਵਾਵਾਂ ਦੇਣ ਦਾ ਕੰਮ ਕਰੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਜਨਤਾ ਦੀ ਸਿਹਤ ਪ੍ਰਤੀ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਦਿਲੋਂ ਮਿਹਨਤ ਕਰਦੇ ਹੋਏ ਇਨ੍ਹਾਂ ਸੇਵਾਵਾਂ ਨੂੰ ਹੋਰ ਵਧੀਆ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਇਸ ਮੌਕੇ ਚੇਅਰਮੈਨ ਸ ਸ਼ਨਾਖ ਸਿੰਘ, ਬਲਾਕ ਪ੍ਰਧਾਨ ਸਵਰਨ ਸਿੰਘ ਅਤੇ ਦੋਵਾਂ ਪਿੰਡਾਂ ਦੇ ਸਰਪੰਚ, ਪੰਚ ਅਤੇ ਹੋਰ ਮੋਹਤਬਰ ਹਾਜ਼ਰ ਸਨ।