ਸਮਾਜ ਨੂੰ ਨਸ਼ਾ ਮੁਕਤ ਤੇ ਚੰਗੀ ਸਿਹਤ ਮੁੱਹਈਆ ਕਰਵਾਉਣ ਦੇ ਮੱਦੇਨਜ਼ਰ ਕਰਵਾਈ ਦੌੜ
ਅਸ਼ੋਕ ਵਰਮਾ
ਬਠਿੰਡਾ, 21 ਸਤੰਬਰ 2025 : ਸਮਾਜ ਨੂੰ ਨਸ਼ੇ ਦੀਆਂ ਕੁਰੀਤੀਆਂ ਤੋਂ ਬਚਾਉਣ ਅਤੇ ਆਉਣ ਵਾਲੀ ਪੀੜੀ ਨੂੰ ਨਸ਼ਾ ਮੁਕਤ ਵਾਤਾਵਰਨ ਮੁੱਹਈਆ ਕਰਵਾਉਣ ਲਈ ਮੀਡੀਆ ਤੇ ਹੋਰ ਵੱਖ-ਵੱਖ ਅਦਾਰਿਆਂ, ਡੀਸੀ ਸ੍ਰੀ ਰਾਜੇਸ਼ ਧੀਮਾਨ ਦੀ ਪ੍ਰੇਰਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੌੜ ਕਰਵਾਈ ਗਈ। ਇਸ ਦੌੜ ਨੂੰ ਸਥਾਨਕ ਫਾਇਰ ਬ੍ਰਿਗੇਡ ਚੌਂਕ ਤੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਮਹਿਤਾ ਅਤੇ ਏਡੀਸੀ ਸ਼ਹਿਰੀ ਵਿਕਾਸ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਦੌੜ ਅਮਰੀਕ ਸਿੰਘ ਰੋਡ ਤੋਂ ਹੁੰਦੀ ਹੋਈ ਰੋਜ ਗਾਰਡਨ ਵਿਖੇ ਸਮਾਪਤ ਹੋਈ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਦੌੜ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਚੰਗੀ ਸਿਹਤ ਅਤੇ ਸਾਫ ਸੁਥਰਾ ਵਾਤਾਵਰਨ ਮੁੱਹਈਆ ਕਰਵਾਉਣਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਤੇ ਆਉਣ ਵਾਲੀਆਂ ਪੀੜੀਆਂ ਨੂੰ ਮਾਨਸਿਕਤਾ ਅਤੇ ਸਰੀਰਕ ਪੱਖੋਂ ਤੰਦਰੁਸਤ ਰੱਖਿਆ ਜਾ ਸਕੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਉਹਨਾਂ ਕਿਹਾ ਕਿ ਕਿਹਾ, “ਇਹ ਸਿਰਫ਼ ਸਰਕਾਰ ਦੀ ਲੜਾਈ ਨਹੀਂ ਹੈ, ਸਗੋਂ ਨਸ਼ਿਆਂ ਵਿਰੁੱਧ ਹਰ ਪੰਜਾਬੀ ਦੀ ਲੜਾਈ ਹੈ। ਅਸੀਂ ਹਰ ਵਾਰਡ ਅਤੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਾਂਗੇ, ਨੌਜਵਾਨਾਂ ਨੂੰ ਦਿਸ਼ਾ ਦਿਖਾਵਾਂਗੇ ਅਤੇ ਤਸਕਰਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਵਾਂਗੇ'। ਉਹਨਾਂ ਕਿਹਾ ਕਿ ਇਹ ਸਿਰਫ਼ ਇੱਕ ਮੁਹਿੰਮ ਨਹੀਂ ਹੈ ਸਗੋਂ ਇੱਕ ਕ੍ਰਾਂਤੀ ਹੈ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।