ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਕਰਵਾਉਣ ਲਈ ਵਿਸ਼ੇਸ਼ ਟਰੇਨਿੰਗ
ਹਥਿਆਰਬੰਦ ਸੈਨਾਵਾਂ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਸੀ.ਆਈ.ਐੱਸ.ਐੱਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹਿਤ ਟਰੇਨਿੰਗ ਕੇਡਰ 29 ਸਤੰਬਰ ਤੋਂ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 18 ਸਤੰਬਰ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੈਨਾਵਾਂ ਭਲਾਈ ਦਫ਼ਤਰ ਗੁਰਦਾਸਪੁਰ ਵਿਖੇ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਕਰਵਾਉਣ ਲਈ ਵਿਸ਼ੇਸ਼ ਟਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਾਂਡਰ ਬਲਜਿੰਦਰ ਵਿਰਕ (ਰਿਟਾ:), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇੱਥੋਂ ਟਰੇਨਿੰਗ ਹਾਸਲ ਕਰਕੇ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ।
ਉਨ੍ਹਾਂ ਦੱਸਿਆ ਕਿ ਹਥਿਆਰਬੰਦ ਸੈਨਾਵਾਂ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਸੀ.ਆਈ.ਐੱਸ.ਐੱਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹਿਤ ਅਗਲਾ ਟਰੇਨਿੰਗ ਕੇਡਰ ਮਿਤੀ 29 ਸਤੰਬਰ 2025 ਤੋਂ ਸ਼ੁਰੂ ਹੋ ਰਿਹਾ ਹੈ। ਇਸ ਕੇਡਰ ਵਿੱਚ ਸਾਬਕਾ ਸੈਨਿਕਾਂ, ਸੈਨਿਕਾਂ ਦੀਆਂ ਵਿਧਵਾਵਾਂ ਦੇ ਬੱਚੇ ਅਤੇ ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਨੂੰ ਭਰਤੀ ਹੋਣ ਸਬੰਧੀ ਤਿਆਰੀ ਕਰਵਾਈ ਜਾਵੇਗੀ। ਇਸ ਤਿਆਰੀ ਵਿੱਚ ਸਰੀਰਕ ਫਿਟਨੈੱਸ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਦੀ ਵੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਲਈ ਪੰਜਾਬ ਸਰਕਾਰ ਵੱਲੋਂ ਚੋਣ ਕਰਕੇ ਉੱਚ ਦਰਜੇ ਦਾ ਸਟਾਫ਼ ਮੁਹੱਈਆ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਦਫ਼ਤਰੀ ਸਮੇਂ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9915941948 'ਤੇ ਸੰਪਰਕ ਕੀਤਾ ਜਾ ਸਕਦਾ ਹੈ।