ਸਕੂਲਾਂ ਦੀ ਸਫ਼ਾਈ ਦੇ ਉੱਦਮ 'ਚ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰੋ, CM Mann ਦੇ ਨਾਂ Baljit Balli ਦਾ ਖੁੱਲ੍ਹਾ ਖੱਤ
ਬਾਬੂਸ਼ਾਹੀ ਟੀਮ
ਚੰਡੀਗੜ੍ਹ, 17 ਸਤੰਬਰ 2025- ਪੰਜਾਬ ਦੇ ਕਰੀਬ 3000 ਤੋਂ ਵੱਧ ਸਕੂਲਾਂ ਅਤੇ ਦਰਜਨਾਂ ਕਾਲਜ ਹੜ੍ਹਾਂ ਦੇ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਸਰਕਾਰ ਨੇ ਅਧਿਆਪਕਾਂ ਸਮੇਤ ਹੋਰਨਾਂ ਵਲੰਟੀਅਰਾਂ ਦੀ ਡਿਉਟੀ ਲਗਾਈ ਹੈ ਕਿ ਉਹ ਸਕੂਲਾਂ ਤੇ ਹੋਰਨਾਂ ਵਿਦਿਅਕ ਅਦਾਰਿਆਂ ਦੀ ਸਾਫ਼ ਸਫ਼ਾਈ ਕਰੋ ਤਾਂ, ਜੋ ਬੱਚੇ ਇੱਥੇ ਆ ਕੇ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰ ਸਕਣ। ਪਰ ਇਸ ਸਾਰੀ ਮੁਹਿੰਮ ਵਿੱਚ ਸਕੂਲੀ ਵਿਦਿਆਰਥੀ ਨਜ਼ਰ ਨਹੀਂ ਆ ਰਹੇ। ਸਕੂਲਾਂ ਦੀ ਸਫ਼ਾਈ ਦੇ ਉੱਦਮ ਵਿੱਚ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰਨ ਦਾ ਨਿਮਰ ਸੁਝਾਅ Babushahi Network ਦੇ Editor-in-Chief Baljit Balli ਬਲਜੀਤ ਬੱਲੀ ਹੁਰਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਖੁੱਲ੍ਹਾ ਖੱਤ ਲਿਖ ਕੇ ਦਿੱਤਾ ਗਿਆ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਪੂਰਾ ਵੇਰਵਾ- https://drive.google.com/file/d/1QSHkVmiY8zVr4k42MSj8USOgOJSsmDEC/view?usp=sharing
ਹੇਠਾਂ ਪੜ੍ਹੋ ਪੂਰਾ ਖੁੱਲ੍ਹਾ ਖੱਤ-
CM Bhagwant Mann ਦੇ ਨਾਂ ਖੁੱਲ੍ਹਾ ਖ਼ਤ- Babushahi Network ਦੇ Editor-in-Chief Baljit Balli ਦਾ
ਨਿਮਰ ਸੁਝਾਅ; ਸਕੂਲਾਂ ਦੀ ਸਫ਼ਾਈ ਦੇ ਉੱਦਮ ਵਿੱਚ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰੋ
ਸਤਿਕਾਰਯੋਗ ਮੁੱਖ ਮੰਤਰੀ ਜੀ,
ਹੜ੍ਹਾਂ ਨਾਲ ਨੁਕਸਾਨੇ ਗਏ ਜਾਂ ਮਿੱਟੀ ਰੇਤੇ ਨਾਲ ਭਰੇ ਸਕੂਲਾਂ ਦੀ ਸਫ਼ਾਈ ਸਿੱਖਿਆ ਮਹਿਕਮੇ ਨੇ ਕੀਤੀ ਹੈ ਅਤੇ ਇਸ ਵਿਚ ਅਧਿਆਪਕਾਂ ਦੀ ਡਿਊਟੀ ਲਾਈ ਗਈ ਹੈ। ਸਫ਼ਾਈ ਮੁਹਿੰਮ ਸ਼ਲਾਘਾਯੋਗ ਕਦਮ ਹੈ, ਪਰ ਮੇਰਾ ਨਿਮਰ ਸੁਝਾਅ ਕਿ ਹੜ੍ਹ ਮਾਰੇ ਇਲਾਕਿਆਂ 'ਚ ਜਿਹੜੇ ਸਕੂਲਾਂ ਦੀ ਸਫ਼ਾਈ ਕਰਨ ਵਾਲੀ ਹੈ ਜਾਂ ਸਕੂਲ ਨੂੰ ਵਰਕਿੰਗ ਹਾਲਤ 'ਚ ਬਣਾਉਣ ਲਈ 8ਵੀਂ ਜਮਾਤ ਤੋਂ ਉੱਪਰ ਵਾਲੇ ਵਾਲੇ ਵਿਦਿਆਰਥੀਆਂ (ਸਟੂਡੈਂਟਸ) ਨੂੰ ਵੀ ਸ਼ਾਮਲ ਕੀਤਾ ਜਾਵੇ।
ਇਹ ਪੇਸ਼ਕਸ਼ ਕੀਤੀ ਜਾਵੇ ਕਿ ਜਿਹੜੇ ਮਾਪੇ ਖ਼ੁਦ ਮਰਜ਼ੀ ਨਾਲ ਆਪਣੇ ਬੱਚੇ ਨੂੰ ਇਸ ਕਾਰਜ ਵਿਚ ਸ਼ਾਮਲ ਕਰਨ ਲਈ ਰਾਜ਼ੀ ਹੋਣ ਅਤੇ ਜਿਹੜੇ ਬੱਚੇ ਆਪਣੀ ਮਰਜ਼ੀ ਨਾਲ ਇਹ ਕੰਮ ਕਰਨ ਦੇ ਇੱਛਕ ਹੋਣ ਸਿਰਫ਼ ਉਨ੍ਹਾਂ ਨੂੰ ਹੀ ਸਾਫ਼ -ਸਫ਼ਾਈ ਦੀ ਮੁਹਿੰਮ 'ਚ ਸ਼ਾਮਲ ਕੀਤਾ ਜਾਵੇ। ਇਸ ਵਿਚ ਪੌਦੇ ਅਤੇ ਰੁੱਖ ਲਾਉਣ/ ਬਾਗ਼ਬਾਨੀ ਦਾ ਕੰਮ ਵੀ ਉਨ੍ਹਾਂ ਨੂੰ ਦਿੱਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਬੱਚਿਆਂ ਦੇ ਮਨ ਵਿੱਚ ਆਪਣੇ ਸਕੂਲ ਨਾਲ ਲਗਾਓ ਵੀ ਪੈਦਾ ਹੋਵੇਗਾ ਅਤੇ ਬੱਚਿਆਂ ਅੰਦਰ ਹੱਥੀਂ ਕੰਮ ਕਰਨ ਦੀ ਕੁੱਝ ਰੁਚੀ ਵੀ ਪੈਦਾ ਹੋ ਸਕਦੀ ਹੈ।
ਮੈ ਆਪਣੇ ਸਕੂਲ ਟਾਈਮ ਦੇ ਤਜਰਬੇ ਤੋਂ ਇਹ ਕਹਿ ਸਕਦਾ ਹਾਂ ਕਿ ਬੱਚੇ ਇਹ ਕੰਮ ਉਤਸ਼ਾਹ ਤੇ ਸ਼ੌਕ ਨਾਲ ਕਰਨਗੇ। ਅਸੀਂ ਤਾਂ ਕਲਾਸ-ਰੂਮ ਵੀ ਖ਼ੁਦ ਸਾਫ਼ ਕਰਦੇ ਸੀ, ਖੇਡ ਗਰਾਊਡ ਵੀ ਖ਼ੁਦ ਹੀ ਸਾਫ਼ ਕਰਦੇ ਸੀ, ਸਾਇੰਸ ਲੈਬ ਅਤੇ ਇਸ ਵਿਚਲੇ ਯੰਤਰਾਂ ਦੀ ਸਫ਼ਾਈ ਵੀ ਖ਼ੁਦ ਕਰਦੇ ਸੀ, ਕਿਆਰੀਆਂ ਦੇ ਇੱਟਾਂ ਲਾਉਣ, ਪੌਦੇ ਲਾਉਣ ਅਤੇ ਪਾਣੀ ਦੇਣ ਦਾ ਕੰਮ ਵੀ ਖ਼ੁਦ ਹੀ ਕਰਦੇ ਸੀ। ਮੇਰਾ ਖ਼ਿਆਲ ਹੈ ਤੁਸੀਂ ਕਰਦੇ ਰਹੇ ਹੋਵੋਗੇ।
ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਕੱਲ੍ਹ ਉਂਜ ਹੀ ਹਊਆ ਬਣਾ ਰੱਖਿਆ ਹੈ ਕਿ ਜੇਕਰ ਕਿਸੇ ਸਕੂਲ ਸਟੂਡੈਂਟ ਤੋਂ ਥੋੜ੍ਹਾ ਮੋਟਾ ਵੀ ਕੰਮ ਕਰ ਲੈਣ ਤਾਂ ਮੀਡੀਆ ਦਾ ਬਹੁਤ ਵੱਡਾ ਮੁੱਦਾ ਬਣਾ ਦਿੱਤਾ ਜਾਂਦਾ ਹੈ।ਉੱਪਰੋਂ ਫਟਾਫਟ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਕਿ ਉਨ੍ਹਾਂ ਤੋਂ ਜਬਰੀ ਕੰਮ ਕਰਾਉਣਾ ਜਾਂ ਕਿਸੇ ਵਿਅਕਤੀ ਦੇ ਫ਼ਾਇਦੇ ਲਈ ਅਜਿਹਾ ਕੰਮ ਕਰਾਉਣਾ ਗ਼ਲਤ ਹੈ, ਪਰ ਸਕੂਲ ਦੀ ਬਿਹਤਰੀ ਅਤੇ ਸਾਂਝੇ ਕੰਮ ਲਈ ਜੇਕਰ ਕਿਸੇ ਖ਼ਸ ਹਾਲਤ ਵਿਚ ਸਟੂਡੈਂਟਸ ਕੋਈ ਵੀ ਫਿਜ਼ੀਕਲ ਕੰਮ ਕਰ ਵੀ ਲੈਣ ਤਾਂ ਕੋਈ ਗੁਨਾਹ ਨਹੀਂ।
ਉਮੀਦ ਹੈ ਮੇਰੇ ਸੁਝਾਅ ਤੇ ਗ਼ੌਰ ਕਰੋਗੇ ਤੇ ਇਸ ਬਦਲਾਅ ਲਈ ਕੋਈ ਠੋਸ ਨਿਯਮ ਵੀ ਬਣਾਏ ਅਤੇ ਤੁਰੰਤ ਲਾਗੂ ਕੀਤੇ ਜਾ ਸਕਦੇ ਹਨ।
ਬਲਜੀਤ ਬੱਲੀ
ਐਡੀਟਰ, ਬਾਬੂਸ਼ਾਹੀ ਨੈੱਟਵਰਕ
(BABUSHAHI.COM/BABUSHAHI.IN/BABUSHAHIHINDI.COM)
ਚੰਡੀਗੜ੍ਹ
+91 99151-77722
17 ਸਤੰਬਰ 2025
ਕਾਪੀ: 1- ਸ. ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ