ਅਮਰੀਕਾ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਤਿਨ ਦਿਨਾਂ ਸਿਲਵਰ ਜੁਬਲੀ ਸਾਹਿਤਕ ਕਾਨਫਰੰਸ ਹੇਵਰਡ ਵਿਚ ਹੋਵੇਗੀ
ਗੀਤ ਸੰਗੀਤ, ਨਾਟਕ, ਕਵੀ ਦਰਬਾਰ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸਾਹਿਤ ਉੱਪਰ ਹੋਵੇਗੀ ਵਿਚਾਰ ਚਰਚਾ
ਹਰਦਮ ਮਾਨ
ਸਰੀ, 15 ਸਤੰਬਰ 2025-ਅਮਰੀਕਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਸਰਗਰਮ ਸੰਸਥਾ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ (ਵਿਪਸਾਅ)’ ਵੱਲੋਂ ਆਪਣੀ 25 ਸਾਲਾ ਸਿਲਵਰ ਜੁਬਲੀ ਮਨਾਉਣ ਲਈ ਤਿੰਨ ਰੋਜ਼ਾ ਸਾਲਾਨਾ ਪੰਜਾਬੀ ਸਾਹਿਤਕ ਕਾਨਫਰੰਸ 3, 4, 5 ਅਕਤੂਬਰ 2025 ਨੂੰ ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਅਤੇ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਦੱਸਿਆ ਹੈ ਕਿ ਇਸ ਕਾਨਫਰੰਸ ਵਿਚ ਭਾਰਤ, ਪਾਕਿਸਤਾਨ, ਇੰਗਲੈਂਡ, ਜਾਪਾਨ, ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਲੇਖਕ, ਸ਼ਾਇਰ ਅਤੇ ਚਿੰਤਕ ਸ਼ਾਮਲ ਹੋ ਰਹੇ ਹਨ।
ਕਾਨਫਰੰਸ ਦਾ ਆਗਾਜ਼ 3 ਅਕਤੂਬਰ ਨੂੰ ਸ਼ਾਮ 5 ਵਜੇ ਸੰਗੀਤਕ ਮਹਿਫਲ ਨਾਲ ਹੋਵੇਗਾ ਜਿਸ ਵਿਚ ਪ੍ਰਸਿੱਧ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਅਲੀ ਇਮਰਾਨ ਸ਼ੌਕਤ ਅਤੇ ਪਰਮਿੰਦਰ ਗੁਰੀ ਗ਼ਜ਼ਲਾਂ, ਗੀਤਾਂ ਨੂੰ ਆਪਣੇ ਸੁਰੀਲੇ ਸੁਰ ਪ੍ਰਦਾਨ ਕਰਨਗੇ। 4 ਅਤੇ 5 ਅਕਤੂਬਰ ਨੂੰ ਸਾਹਿਤਕ ਸੈਸ਼ਨਾਂ ਦੌਰਾਨ ਵਿਦਵਾਨ ਅਤੇ ਚਿੰਤਕ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵੱਖ ਵੱਖ ਪੱਖਾਂ, ਆਰਟੀਫੀਸ਼ਲ ਇੰਟੈਲੀਜੈਂਸੀ ਦੇ ਪੰਜਾਬੀ ਭਾਸ਼ਾ ਤੇ ਸਾਹਿਤ ਉੱਪਰ ਪੈਣ ਵਾਲੇ ਪ੍ਰਭਾਵ ਬਾਰੇ ਬਾਰੇ ਗੰਭੀਰ ਵਿਚਾਰ ਚਰਚਾ ਕਰਨਗੇ, ‘ਲਿਖਤ ਦਾ ਸਫ਼ਰ-ਲੇਖਕ, ਪਾਠਕ ਤੇ ਸੰਪਾਦਨਾ’ ਬਾਰੇ ਸੰਵਾਦ ਰਚਾਇਆ ਜਾਵੇਗਾ ਅਤੇ ਕਵੀ ਦਰਬਾਰ ਵਿਚ ਦੇਸ਼ ਵਿਦੇਸ਼ ਤੋਂ ਆਏ ਕਵੀ ਆਪਣੀ ਸ਼ਾਇਰੀ ਪੇਸ਼ ਕਰਨਗੇ। 4 ਅਕਤੂਬਰ ਨੂੰ ਪੰਜਾਬ ਲੋਕ ਰੰਗਮੰਚ ਵੱਲੋਂ ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਨਾਟਕ ‘ਜ਼ਫ਼ਰਨਾਮਾ – ਕਲਮ ਦੀ ਤਲਵਾਰ ਉੱਪਰ ਜਿੱਤ’ ਖੇਡਿਆ ਜਾਵੇਗਾ।
ਇਸ ਕਾਨਫਰੰਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾ, ਡਾ. ਵਰਿਆਮ ਸਿੰਘ ਸੰਧੂ, ਦਰਸ਼ਨ ਬੁੱਟਰ, ਜਸਵਿੰਦਰ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਡਾ. ਗੁਰਪਾਲ ਸਿੰਘ ਸੰਧੂ, ਡਾ. ਲਖਵਿੰਦਰ ਜੌਹਲ, ਡਾ. ਰਾਜੇਸ਼ ਸ਼ਰਮਾ, ਡਾ. ਬਲਦੇਵ ਧਾਲੀਵਾਲ, ਬਾਬਾ ਨਜਮੀ, ਅਲੀ ਇਮਰਾਨ ਸ਼ੌਕਤ, ਬਲਦੇਵ ਗਰੇਵਾਲ, ਅਰਤਿੰਦਰ ਸੰਧੂ, ਸਤੀਸ਼ ਗੁਲਾਟੀ, ਸੁਰਜੀਤ ਟੋਰਾਂਟੋ, ਸੁਰਿੰਦਰ ਸੋਹਲ, ਪਰਮਿੰਦਰ ਸੋਢੀ, ਰਾਜਵੰਤ ਰਾਜ, ਪਿਆਰਾ ਸਿੰਘ ਕੁੱਦੋਵਾਲ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਲਵੀਰ ਕੌਰ, ਤਾਹਿਰਾ ਸਰਾ, ਕੁਲਵਿੰਦਰ ਖਹਿਰਾ, ਭੁਪਿੰਦਰ ਦੂਲੇ, ਗੁਰਦੇਵ ਚੌਹਾਨ, ਗੁਰਮੀਤ ਪਨਾਗ ਅਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਕਾਨਫਰੰਸ ਦੇ ਪ੍ਰਬੰਧਕਾਂ ਨੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।