ਲੋਕਾਂ ਦੇ ਮੁੜ ਵਸੇਬੇ ਲਈ ਲੋੜਵੰਦ ਪਰਿਵਾਰਾਂ ਨੂੰ ਮੱਝਾਂ ਅਤੇ ਗਾਵਾਂ ਲੈ ਕੇ ਦੇਵੇਗਾ ਬੀਬੀ ਕੌਲਾਂ ਭਲਾਈ ਕੇਂਦਰ
ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਦਿੱਤਾ ਹਰ ਸੰਭਵ ਮਦਦ ਦਾ ਭਰੋਸਾ
ਅਜਨਾਲਾ, 13 ਸਤੰਬਰ 2025--
ਧਾਰਮਿਕ ਜਗਤ ਦੀ ਪ੍ਰਸਿੱਧ ਸੰਸਥਾ ਬੀਬੀ ਕੌਲਾਂ ਭਲਾਈ ਕੇਂਦਰ ਜੋ ਕਿ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਮਨੁੱਖਤਾ ਦੀ ਸੇਵਾ ਕਰ ਰਹੀ ਹੈ, ਦੇ ਪ੍ਰਤੀਨਿਧੀਆਂ ਨੇ ਅੱਜ ਅਜਨਾਲਾ ਐਸਡੀਐਮ ਦਫਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਅਜਿਹੇ ਪਰਿਵਾਰ, ਜਿਨਾਂ ਦੀ ਰੋਜ਼ੀ ਰੋਟੀ ਕੇਵਲ ਪਸ਼ੂ ਧਨ ਭਾਵ ਮੱਝਾਂ ਅਤੇ ਗਾਵਾਂ ਤੋਂ ਹੀ ਚਲਦੀ ਸੀ, ਦੇ ਜੇਕਰ ਅਜਿਹੇ ਪਸ਼ੂ ਹੜਾਂ ਕਾਰਨ ਮਾਰੇ ਗਏ ਹਨ ਤਾਂ ਅਸੀਂ ਸੰਸਥਾ ਵੱਲੋਂ ਉਹਨਾਂ ਨੂੰ ਮੱਝਾਂ ਅਤੇ ਗਾਵਾਂ ਖਰੀਦ ਕੇ ਦੇਵਾਂਗੇ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਸੰਸਥਾ ਦੇ ਪ੍ਰਤੀਨਿਧੀਆਂ ਦਾ ਇਸ ਫਰਾਖ਼ਦਿਲੀ ਲਈ ਧੰਨਵਾਦ ਕਰਦੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਇਹ ਵੱਡੀ ਪਹਿਲ ਕਦਮੀ ਹੋਵੇਗੀ। ਉਹਨਾਂ ਨੇ ਤੁਰੰਤ ਹੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੱਕ ਪ੍ਰਾਪਤ ਹੋਇਆ ਡਾਟਾ, ਜੋ ਇਹ ਦਰਸਾਉਂਦਾ ਹੈ ਕਿ ਇਸ ਵਿਅਕਤੀ ਦੇ ਪਰਿਵਾਰ ਦੀ ਰੋਜ਼ੀ ਰੋਟੀ ਪਸ਼ੂ ਧਨ ਤੋਂ ਹੀ ਚਲਦੀ ਸੀ, ਦਾ ਜੇਕਰ 100 ਫੀਸਦੀ ਨੁਕਸਾਨ ਹੋ ਗਿਆ ਹੈ ਤਾਂ ਉਹ ਡਾਟਾ ਸੰਸਥਾ ਨੂੰ ਦਿਓ ਤਾਂ ਜੋ ਇਹ ਆਪਣੇ ਤੌਰ ਉਤੇ ਵੀ ਵੈਰੀਫਾਈ ਕਰਕੇ ਪਰਿਵਾਰ ਦੀ ਮਦਦ ਕਰ ਸਕਣ। ਇਸ ਮੌਕੇ ਸੰਸਥਾ ਦੇ ਪ੍ਰਤੀਨਿਧੀਆਂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਪੀੜਤਾਂ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਦੀ ਵੀ ਸਰਾਹਨਾ ਕਰਦਿਆਂ ਸੰਸਥਾ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਭਲਾਈ ਕੇਂਦਰ ਵੱਲੋਂ ਭਾਈ ਮਨਦੀਪ ਸਿੰਘ, ਭਾਈ ਸਰਵਣ ਸਿੰਘ , ਭਾਈ ਜਤਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਢੱਲ, ਭਾਈ ਸਤਨਾਮ ਸਿੰਘ ਅਤੇ ਸ: ਚਮਕੌਰ ਸਿੰਘ ਹਾਜ਼ਰ ਸਨ।