ਗਿਆਨੀ ਹਰਪ੍ਰੀਤ ਸਿੰਘ ਵੱਲੋ ਹੜ੍ਹ ਸਬੰਧੀ ਸੀਨੀਅਰ ਲੀਡਰਸ਼ਿਪ ਨਾਲ ਕੀਤੀ ਅਹਿਮ ਮੀਟਿੰਗ
ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਮੱਦਦ ਤੋਂ ਪੂਰੀ ਤਰ੍ਹਾਂ ਪੱਲ੍ਹਾ ਝਾੜਿਆ - ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ 8 ਸਤੰਬਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਚੰਡੀਗੜ ਸਥਿਤ ਦਫਤਰ ਵਿਖੇ ਸੀਨੀਅਰ ਲੀਡਰਸ਼ਿਪ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾਂ,ਜਸਟਿਸ ਨਿਰਮਲ ਸਿੰਘ, ਜੱਥੇਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ,ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਚਰਨਜੀਤ ਸਿੰਘ ਬਰਾੜ,ਬੀਬੀ ਪਰਮਜੀਤ ਕੌਰ ਲਾਂਡਰਾਂ, ਸਰਦਾਰ ਅਜੇਪਾਲ ਸਿੰਘ ਬਰਾੜ ਅਤੇ ਗੁਰਜੀਤ ਸਿੰਘ ਤਲਵੰਡੀ ਹਾਜ਼ਰ ਰਹੇ। ਇਸ ਮੌਕੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸੀਨੀਅਰ ਲੀਡਰਸ਼ਿਪ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕੀਤੇ ਗਏ ਦੌਰਿਆਂ ਦੀ ਰਿਪੋਰਟ ਦੇ ਆਧਾਰ ਤੇ ਪਾਰਟੀ ਵਲੋਂ ਚਲ ਰਹੇ ਰਾਹਤ ਕੈਂਪਾਂ ਦੀ ਜਾਣਕਾਰੀ ਲਈ ਗਈ।
ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਲੀਡਰਸ਼ਿਪ ਨਾਲ ਚਰਚਾ ਕਰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਪਾਣੀ ਘੱਟ ਹੋਵੇਗਾ ਤਾਂ ਬਿਮਾਰੀਆਂ ਫੈਲਣ ਦੇ ਖਦਸ਼ੇ ਵਿਚਕਾਰ ਮੈਡੀਕਲ ਸਹੂਲਤਾਂ ਅਤੇ ਮੈਡੀਕਲ ਕਿੱਟਾਂ ਦੀ ਜ਼ਿਆਦਾ ਜ਼ਰੂਰਤ ਹੋਵੇਗੀ, ਇਸ ਦੇ ਨਾਲ ਹੀ ਕਿਸਾਨਾਂ ਲਈ ਡੀਜ਼ਲ, ਸਕੂਲੀ ਬੱਚਿਆਂ ਲਈ ਪੜਾਈ ਦਾ ਸਮਾਨ ਆਦਿ ਵਸਤਾਂ ਦੀ ਲੋੜ ਪੈਣੀ ਹੈ। ਸਾਰੇ ਲੀਡਰ ਸਹਿਬਾਨ ਦੀ ਡਿਊਟੀ ਲਗਾਈ ਗਈ ਕਿ ਏਰੀਏ ਮੁਤਾਬਕ ਮੰਗ ਅਨੁਸਾਰ ਲਿਸਟਾਂ ਬਣਾਈਆਂ ਜਾਣ ਤਾਂ ਕਿ ਪਾਰਟੀ, ਹੜ ਪ੍ਰਭਾਵਿਤ ਲੋਕਾਂ ਦੀ ਮੰਗ ਅਨੁਸਾਰ ਸਮਾਨ ਮੁਹਈਆ ਕਰਵਾ ਸਕੇ। ਇਸ ਦੇ ਨਾਲ ਪਾਰਟੀ ਵੱਲੋ ਜਾਰੀ ਪੱਕੇ ਰਾਹਤ ਕੈਂਪਾਂ ਦੀ ਰਿਪੋਰਟ ਤੇ ਚਰਚਾ ਹੋਈ। ਇਸ ਮੌਕੇ ਇਹਨਾਂ ਰਾਹਤ ਕੈਂਪਾਂ ਵਿੱਚ ਜਰੂਰੀ ਹੋਰ ਰਾਹਤ ਸਮਗਰੀ ਭੇਜਣ ਲਈ ਪਾਰਟੀ ਪ੍ਰਧਾਨ 10 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਹਰੀਕੇ, ਅਜਨਾਲਾ ਅਤੇ ਗੁਰਦਾਸਪੁਰ ਦਾ ਦੌਰਾ ਕਰਨਗੇ।
ਇਸ ਦੇ ਨਾਲ ਹੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਕੈਬਨਿਟ ਵੱਲੋ ਅੱਜ ਲਏ ਗਏ ਫੈਸਲਿਆਂ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੀ ਤਰਾਂ ਨਾਲ ਪੀੜਤਾਂ ਦੀ ਬਾਂਹ ਫੜਨ ਤੋ ਭੱਜੀ ਹੈ। ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਇੱਕ ਰੁਪਿਆ ਮੁਆਵਜੇ ਦੇ ਤੌਰ ਤੇ ਐਲਾਨ ਨਹੀਂ ਕੀਤਾ। ਜਿਸ ਪਰਿਵਾਰ ਦਾ ਮੈਂਬਰ ਚਲਾ ਗਿਆ ਘੱਟੋ ਘੱਟ 20 ਲੱਖ ਮੁਆਵਜਾ ਦੇਣਾ ਚਾਹੀਦਾ ਹੈ ਨਾ ਕਿ ਸਿਰਫ 4 ਲੱਖ। ਸਰਕਾਰ ਨੇ ਸਿਰਫ ਤੇ ਸਿਰਫ਼ ਐਨਡੀਆਰਐੱਫ ਤਹਿਤ ਦਿੱਤੇ ਜਾਣ ਵਾਲੇ ਮੁਆਵਜੇ ਨੂੰ ਹੀ ਆਪਣੇ ਕੋਟੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਓਹਨਾ ਪੰਜਾਬ ਸਰਕਾਰ ਵੱਲੋਂ ਐਲਾਨੇ ਫਸਲਾ ਦੇ ਮੁਆਵਜ਼ੇ ਤੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਫਸਲਾਂ ਲਗਭਗ ਪੱਕ ਚੁਕੀਆਂ ਸਨ ਤੇ ਕਿਸਾਨ ਸਾਰਾ ਖ਼ਰਚਾ ਕਰ ਚੁੱਕਾ ਸੀ ਸੋ ਪੂਰੀ ਫਸਲ ਦਾ ਮੁੱਲ ਕਿਸਾਨ ਨੂੰ ਮਿਲਣਾਂ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾ ਸਵਾਲ ਉਠਾਇਆ ਕਿ, ਖੇਤਾਂ ਚੋਂ ਰੇਤਾ ਚੁੱਕਣ ਤੇ ਸਮਾਂ ਦਸੰਬਰ ਤੱਕ ਦਾ ਹੀ ਕਿਊਂ ਦਿੱਤਾ ਹੈ ? ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਚੁੱਕਣ ਲਈ ਬਗੈਰ ਕਿਸੇ ਸਮਾਂਬੱਧਤਾ ਅਤੇ ਸ਼ਰਤਾਂ ਛੋਟ ਮਿਲਣੀ ਚਾਹੀਦੀ ਹੈ।