ਐਸ.ਡੀ.ਐਮ ਪਟਿਆਲਾ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਹਾਂਸੀ-ਬੁਟਾਣਾ ਨਹਿਰ ਦਾ ਜਾਇਜ਼ਾ
-ਕਿਹਾ, ਹਾਂਸੀ ਬੁਟਾਣਾ ਨਹਿਰ ਘੱਗਰ ਤੇ ਸਹਾਇਕ ਨਦੀਆਂ ਦੇ ਕੁਦਰਤੀ ਵਹਾਅ ਨੂੰ ਲਾਈ ਡਾਫ਼ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਲਈ ਹੜ੍ਹਾਂ ਦਾ ਖ਼ਤਰਾ ਵਧਾਇਆ
-ਪਿੰਡ ਸੱਸੀ ਬ੍ਰਾਹਮਣ, ਸੱਸੀ ਗੁੱਜਰਾਂ, ਧਰਮੇੜੀ, ਹਾਸ਼ਮਪੁਰ ਮਾਂਗਟਾਂ, ਭਵਨਪੁਰ ਅਤੇ ਸੱਸੀ ਥੇਹ ਸਭ ਤੋਂ ਵੱਧ ਪ੍ਰਭਾਵਿਤ
-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨੀ ਹਾਲਾਤ 'ਤੇ ਨੇੜਿਓਂ ਨਜ਼ਰ, ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜ਼ਰੂਰੀ ਕਦਮ ਚੁੱਕੇ-ਹਰਜੋਤ ਕੌਰ ਮਾਵੀ
ਪਟਿਆਲਾ, 8 ਸਤੰਬਰ
ਪਟਿਆਲਾ ਦੇ ਐਸ.ਡੀ.ਐਮ ਹਰਜੋਤ ਕੌਰ ਮਾਵੀ ਤੇ ਡਰੇਨੇਜ ਵਿਭਾਗ ਕੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਘੱਗਰ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੁਦਰਤੀ ਵਹਾਅ ਲਈ ਰੁਕਾਵਟ ਪੈਦਾ ਕਰ ਰਹੀ ਪੰਜਾਬ ਦੀ ਬਿਨਾਂ ਲਾਜ਼ਮੀ ਪ੍ਰਵਾਨਗੀ ਦੇ ਪੰਜਾਬ-ਹਰਿਆਣਾ ਸਰਹੱਦ 'ਤੇ ਹਰਿਆਣਾ ਵੱਲੋਂ ਉਸਾਰੀ ਗਈ ਹਾਂਸੀ-ਬੁਟਾਣਾ ਨਹਿਰ ਦਾ ਚੀਕਾ ਰੋਡ ਨੇੜੇ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਐਸ.ਡੀ.ਐਮ. ਹਰਜੋਤ ਕੌਰ ਨੇ ਕਿਹਾ ਕਿ ਹਾਂਸੀ ਬੁਟਾਣਾ ਦੀ ਰੁਕਾਵਟ ਕਰਕੇ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਲਈ ਹੜ੍ਹਾਂ ਦੀ ਗੰਭੀਰ ਚਿੰਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਘੱਗਰ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੁਦਰਤੀ ਹੜ੍ਹਾਂ ਦੇ ਵਹਾਅ ਵਿੱਚ ਰੁਕਾਵਟ ਪਾਉਣ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਡੁੱਬਣ ਦਾ ਉੱਚ ਜੋਖਮ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਮੁਲਾਂਕਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪਿੰਡ ਸੱਸੀ ਬ੍ਰਾਹਮਣ, ਸੱਸੀ ਗੁੱਜਰਾਂ, ਧਰਮੇੜੀ, ਹਾਸ਼ਮਪੁਰ ਮਾਂਗਟਾਂ, ਭਵਨਪੁਰ ਅਤੇ ਸੱਸੀ ਥੇਹ ਡੁੱਬਦੇ ਹੋਣ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਹਨ।
ਐਸਡੀਐਮ ਪਟਿਆਲਾ ਹਰਜੋਤ ਕੌਰ ਨੇ ਕਿਹਾ, "ਨਹਿਰ ਕਾਰਨ ਪੈਦਾ ਹੋਈ ਰੁਕਾਵਟ ਨੇ ਇਨ੍ਹਾਂ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨੀ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।"
ਡਰੇਨੇਜ ਦੇ ਐਕਸੀਐਨ ਪ੍ਰਥਮ ਗੰਭੀਰ ਨੇ ਕਿਹਾ ਕਿ 2023 ਦੇ ਹੜ੍ਹਾਂ ਦੌਰਾਨ ਵੀ ਹਾਂਸੀ-ਬੁਟਾਣਾ ਸਾਈਫਨ 'ਤੇ ਰੁਕਾਵਟ ਨੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਸੀ, ਜਿਸ ਨਾਲ ਫਸਲਾਂ, ਜਾਇਦਾਦ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਸੀ।ਇਸ ਮੌਕੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।