ਸਾਬਕਾ ਮੰਤਰੀ ਦੇ ਪੋਤੇ ਨੇ ਗੋਲਡ ਮੈਡਲ ਨਾਲ ਵਕੀਲ ਬਣਕੇ ਨਿਭਾਈ ਦਾਦੇ ਨਾਲ ਆੜੀ
ਅਸ਼ੋਕ ਵਰਮਾ
ਬਠਿੰਡਾ, 8ਸਤੰਬਰ 2025 : ਬਠਿੰਡਾ ਦੇ ਵਕੀਲ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਪੋਤਰੇ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੇ ਪੁੱਤਰ ਅਰਜਨ ਗਰਗ ਨੇ ਮੁਲਕ ਦੀ ਨਾਮੀ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ ਜਿਸ ਨੂੰ ਲੈਕੇ ਪ੍ਰੀਵਾਰ ਵਿੱਚ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ। ਹਾਲ ਹੀ ਵਿੱਚ ਨਾਮੀ ਆਦਾਰੇ ਨੈਸ਼ਨਲ ਲਾਅ ਯੂਨੀਵਰਸਿਟੀ, ਨਿਊ ਦਿੱਲੀ ਵਿੱਚ12 ਵੀਂ ਕਨਵੋਕੇਸ਼ਨ ਹੋਈ ਸੀ ਜਿਸ ਦੌਰਾਨ ਜਸਟਿਸ ਬੀ ਵੀ ਨਾਗਰਥਨਾ (ਜੱਜ , ਸੁਪਰੀਮ ਕੋਰਟ ) , ਜਸਟਿਸ ਦੇਵੇਂਦਰ ਉਪਾਧਿਆਏ ( ਚੀਫ਼ ਜਸਟਿਸ , ਦਿੱਲੀ ਹਾਈ ਕੋਰਟ ) , ਜਸਟਿਸ (ਰਿਟਾ) ਏ ਕੇ ਸੀਕਰੀ (ਸੁਪਰੀਮ ਕੋਰਟ) ਅਤੇ ਵੱਡੀ ਗਿਣਤੀ ਹਾਈ ਕੋਰਟ ਦੇ ਜੱਜ ਸਾਹਿਬਾਨ , ਵਾਈਸ ਚਾਂਸਲਰ ,ਤੇ ਦਿੱਲੀ ਸਰਕਾਰ ਦੇ ਗ੍ਰਹਿ ਮੰਤਰੀ/ ਚੀਫ਼ ਸੈਕਰੇਟਰੀ ਆਦਿ ਦੀ ਹਾਜ਼ਰੀ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਸਨ।
ਇਸ ਸਮਾਰੋਹ ਦੌਰਾਨ ਅਰਜਨ ਗਰਗ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਦਿਆਂ ਇਹ ਡਿਗਰੀ ਦਿੱਤੀ ਗਈ। ਆਪਣੇ ਪੁੱਤਰ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਰਾਜਨ ਗਰਗ ਨੇ ਕਿਹਾ ਕਿ, ‘‘ਅਰਜਨ ਗਰਗ ਨੇ ਅੱਜ ਤੋਂ ਪੰਜ ਸਾਲ ਪਹਿਲਾਂ ਲਾਅ ਵਿਚ ਦਾਖਲੇ ਲਈ ਹੋਏ ਸਖਤ ਮੁਕਾਬਲੇ ਵਿਚ ਪੂਰੇ ਮੁਲਕ ਚੋਂ 9ਵੇਂ ਨੰਬਰ ‘ਤੇ ਰਹਿ ਕੇ ਪ੍ਰਵਾਰ ਅਤੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਸੀ। ’’ ਉਨ੍ਹਾਂ ਅੱਗੇ ਕਿਹਾ ਕਿ ਪ੍ਰੀਵਾਰ ਲਈ ਇਹ ਹੋਰ ਵੀ ਬਹੁਤ ਵੱਡੀ ਖੁਸ਼ ਵਾਲੀ ਗੱਲ ਹੈ ਕਿ ਹੁਣ ਤੀਸਰੀ ਪੀੜ੍ਹੀ ਦਾ ਇਹ ਨੌਜਵਾਨ ਵਕਾਲਤ ਦੇ ਕਿੱਤੇ ਵਿਚ ਆਪਣੇ ਹੁਨਰ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿਚ ਆਪਣਾ ਯੋਗਦਾਨ ਪਾਏਗਾ। ਇਸ ਪ੍ਰਾਪਤੀ ਤੇ ਸ਼ਹਿਰ ਦੀਆਂ ਸਿਆਸੀ ,ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਗਰਗ ਪ੍ਰੀਵਾਰ ਖਾਸ ਤੌਰ ਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੂੰ ਵਧਾਈਆਂ ਅਤੇ ਅਰੁਜਨ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ।