ਆਂਗਣਵਾੜੀ ਹੈਲਪਰਾਂ ਵਰਕਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣ ਭੱਤਾ : ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ, 4 ਸਤੰਬਰ 2025 :ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪੈ ਰਹੀ ਹੈ ਤੇ ਸਰਕਾਰ ਨੇ ਲੋਕਾਂ ਦੀ ਮੱਦਦ ਤਾਂ ਕੀ ਕਰਨੀ ਹੈ ਉਲਟਾ ਕੰਮ ਕਰਨ ਬਦਲੇ ਜੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਗੂਣਾ ਮਾਣ ਭੱਤਾ ਮਿਲਦਾ ਹੈ ਉਹ ਵੀ ਕਰੀਬ ਛੇ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦੇ ਹਾਲਤਾਂ ਦੇ ਵਿੱਚ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਬੁਰੇ ਸੰਕਟ ’ਚ ਗੁਜਰ ਰਹੀਆਂ ਹਨ। ਇਨ੍ਹਾਂ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਜਦੋਂ ਤੋਂ ਪੰਜਾਬ ਵਿੱਚ ਝਾੜੂ ਦੀ ਸਰਕਾਰ ਆਈ ਹੈ ਉਦੋਂ ਤੋਂ ਕਦੇ ਵੀ ਸਮੇਂ ਸਿਰ ਮਾਣ ਭੱਤਾ ਨਹੀਂ ਮਿਲਿਆ। ਕਦੇ 6 ਮਹੀਨਿਆਂ ਤੋਂ ਕਦੇ 10 ਮਹੀਨਿਆਂ ਬਾਅਦ ਮਾਣ ਭੱਤਾ ਮਿਲਦਾ ਹੈ ਤੇ ਕਦੇ ਸਾਲ ਬੀਤ ਜਾਂਦਾ ਹੈ।
ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਸ਼੍ਰੀਮਤੀ ਹਰਗੋਬਿੰਦ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੈ। ਇਹ ਸਰਕਾਰ ਵਰਕਰਾਂ ਹੈਲਪਰਾਂ ਨੂੰ ਕੰਮ ਕਰਨ ਤੋਂ ਬਾਅਦ ਉਨ੍ਹਾਂ ਦਾ ਬਣਦਾ ਮਾਣ ਭੱਤਾ ਵੀ ਨਹੀਂ ਦੇ ਸਕਦੀ। ਉਨ੍ਹਾਂ ਨੇ ਮੰਗ ਕੀਤੀ ਕਿ ਅਜਿਹੀ ਤਰਾਸਦੀ ਵਿੱਚ ਜਦੋਂ ਲੋਕ ਭੁੱਖੇ ਮਰ ਰਹੇ ਹਨ ਤਾਂ ਸਰਕਾਰ ਨੇ ਆਪ ਤਾਂ ਕੀ ਮੱਦਦ ਕਰਨੀ ਹੈ ਉਸਦੀ ਥਾਂ ਘੱਟੋ ਘੱਟ ਉਨ੍ਹਾਂ ਦਾ ਬਣਦਾ ਮਾਣ ਭੱਤਾ ਤੁਰੰਤ ਰਿਲੀਜ਼ ਕਰੇ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਰਾਹਤ ਦੇਵੇ ਤਾਂ ਜੋ ਉਨ੍ਹਾਂ ਦੇ ਚੁੱਲ੍ਹੇ ਤਪ ਸਕਣ।