ਨਵਾਂਸ਼ਹਿਰ: DC ਨੇ ਬੇਲਾ ਤਾਜੋਵਾਲ, ਤਾਜੇਵਾਲ-ਮੰਡਾਲਾ ਅਤੇ ਧੈਂਗੜਪੁਰ ਬੰਨ੍ਹ ਦਾ ਲਿਆ ਜਾਇਜ਼ਾ
ਕਿਹਾ ਜ਼ਿਲ੍ਹੇ ‘ਚ ਬੰਨ੍ਹਾਂ ਦੀ ਸਥਿਤੀ ਕੰਟਰੋਲ ਹੇਠ, ਲੋਕਾਂ ਨੂੰ ਅਫ਼ਵਾਹਾਂ ਤੋਂ ਬਚਨ ਦੀ ਅਪੀਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ 04 ਸਤੰਬਰ 2025 ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਬੇਲਾ ਤਾਜੋਵਾਲ, ਧੈਂਗੜਪੁਰ ਅਤੇ ਤਾਜੇਵਾਲ-ਮੰਡਾਲਾ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਬੰਨ੍ਹਾਂ ਦੀ ਸਥਿਤੀ ਫਿਲਹਾਲ ਪੂਰੀ ਤਰ੍ਹਾਂ ਠੀਕ ਹੈ ਅਤੇ ਲੋਕਾਂ ਨੂੰ ਬੰਨ੍ਹ ਨਾਲ ਸਬੰਧਤ ਅਫ਼ਵਾਹਾਂ ਤੋਂ ਬਚਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਸਬ ਡਿਵੀਜ਼ਨ ਦੇ ਪਿੰਡ ਪਰਾਗਪੁਰ ਦੇ ਮੋਹਤਬਰਾਂ ਨਾਲ ਪਿੰਡ ਦੇ ਬਾਹਰਵਾਰ ਪੈਂਦੇ ਬੰਨ੍ਹ ਦਾ ਦੌਰਾ ਕੀਤਾ ਅਤੇ ਮੌਜੂਦਾ ਸਥਿਤੀ ਬਾਰੇ ਪੰਚਾਇਤ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਬੇਲਾ ਤਾਜੋਵਾਲ ਵਿਖੇ ਲੋਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਹੌਸਲਾਅਫਜਾਈ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋ ਹਰ ਲੋੜੀਂਦੀ ਸਹੂਲਤ ਅਤੇ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੇ ਜਾਨ–ਮਾਲ ਦੀ ਰਾਖੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਪਿੰਡ ਪਰਾਗਪੁਰ ਅਤੇ ਬੇਲਾ ਤਾਜੋਵਾਲ ਵਿਖੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ ਅਤੇ ਜਲਦ ਹੀ ਬੇਲਾ ਤਾਜੋਵਾਲ ਵਿਖੇ ਬੰਨ੍ਹ ਦੀ ਮਜਬੂਤੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਐਸ.ਡੀ.ਐਮ. ਕ੍ਰਿਤਿਕਾ ਗੋਇਲ ਸਮੇਤ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਟੀਮਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੰਨ੍ਹ ਦੀ ਮਜਬੂਤੀ ਦੇ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਧੈਂਗੜਪੁਰ ਵਿਖੇ ਬੰਨ੍ਹ ਨੂੰ ਮਜਬੂਤ ਕਰਨ ਦਾ ਕਾਫ਼ੀ ਕੰਮ ਨੇਪਰੇ ਚਾੜ੍ਹ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਨਾਲ ਦਰਿਆ ਵਿੱਚ ਮੌਜੂਦਾ ਸਮੇਂ ਚੱਲ ਰਹੇ 70 ਹਜ਼ਾਰ ਕਿਊਸਿਕ ਪਾਣੀ ਦੇ ਪੱਧਰ ਵਿੱਚ ਵਾਧਾ ਹੋਵੇਗਾ ਅਤੇ ਫਿਲਹਾਲ ਬੰਨ੍ਹਾਂ ਦੀ ਸਥਿਤੀ ਪੂਰੀ ਠੀਕ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਦੋਭਾਲੀ ਵਾਸੀ ਮੋਹਨ ਲਾਲ ਦੀ ਸਿਹਤ ਦਾ ਹਾਲ ਵੀ ਜਾਣਿਆ ਜੋ ਬੀਤੇ ਦੇਰ ਸ਼ਾਮ ਬੰਨ੍ਹ ਦੀ ਮਜਬੂਤੀ ਦੇ ਕੰਮ ਦੌਰਾਨ ਜਖਮੀ ਹੋ ਗਏ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਵਲੋਂ ਇਸ ਮੁਸ਼ਕਲ ਸਮੇਂ ਵਿੱਚ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਦਿੱਤਾ ਸਾਥ ਕਾਬਿਲੇ ਤਾਰੀਫ਼ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਤੋਂ ਇਲਾਵਾ ਇਲਾਕੇ ਦੇ ਭਾਰੀ ਗਿਣਤੀ ਵਿੱਚ ਲੋਕ ਵੀ ਮੌਜੂਦ ਸਨ।