ਫੈਡਰੇਸ਼ਨ+ਕਲੱਬ: ਸਮਾਜਿਕ ਜ਼ਿੰਮੇਵਾਰੀ ਅਤੇ ਸਾਂਝੀ ਮਦਦ
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਸਹਿਯੋਗੀ ਖੇਡ ਕਲੱਬਾਂ ਨੇ ਪੰਜਾਬ ਹੜ੍ਹ ਪੀੜ੍ਹਤਾਂ ਲਈ ਰੱਖੇ 25 ਲੱਖ ਰੁਪਏ
-ਸਾਰੇ ਖੇਡ ਕਲੱਬ ਆਪਣੇ ਖੇਤਰ ਦੇ ਲੋੜਵੰਦਾਂ ਤੱਕ ਪਹੁੰਚਾਉਣਗੇ ਇਹ ਮਦਦ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 4 ਸਤੰਬਰ 2025-ਫੈਡਰੇਸ਼ਨ ਜਾਂ ਖੇਡ ਕਲੱਬ, ਸਿਰਫ਼ ਖੇਡ ਜਾਂ ਮਨੋਰੰਜਨ ਲਈ ਨਹੀਂ ਹੁੰਦੇ। ਜਦੋਂ ਇਹ ਇਕੱਠੇ ਹੋ ਕੇ ਲੋੜਵੰਦ ਦੀ ਮਦਦ ਕਰਦੇ ਹਨ, ਤਾਂ ਉਹ ਸੰਗਠਿਤ ਭਾਈਚਾਰਾ ਬਣ ਜਾਂਦੇ ਹਨ—ਜਿੱਥੇ ਹਰ ਮੈਂਬਰ ਆਪਣੀ ਸਾਂਝੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇਹ ਸਿਰਫ਼ ਦਾਨ ਨਹੀਂ, ਸਗੋਂ ਸਾਂਝੀ ਸੇਵਾ ਹੋ ਨਿਬੜਦੀ ਹੈ। ਸਾਰੇ ਜਾਣਦੇ ਹਨ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਸਾਧਾਰਨ ਜ਼ਿੰਦਗੀ ਵਿਗਾੜ ਕੇ ਰੱਖ ਦਿੱਤੀ ਹੈ।
ਇਸਦੇੇ ਮੱਦੇਨਜ਼ਰ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਇੱਕ ਵੱਡੀ ਪੇਸ਼ਕਦਮੀ ਕਰਦਿਆਂ ਆਪਣੇ ਸਾਰੇ ਸੰਬੰਧਤ ਖੇਡ ਕਲੱਬਾਂ ਨਾਲ ਮਿਲ ਕੇ 25 ਲੱਖ ਰੁਪਏ ਦੀ ਰਾਹਤ ਰਕਮ ਇਕੱਤਰ ਕੀਤੀ ਹੈ। ਖੇਡ ਕਲੱਬਾਂ ‘ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ’, ‘ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ’, ‘ਬੌਟਨੀ ਸਪੋਰਟਸ ਐਂਡ ਕਲਚਰਲ ਕਲੱਬ’, ‘ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ’, ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’, ਯੁਨਾਈਟਿਡ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ’, ‘ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ’, ‘ਯੂਥ ਸਪੋਰਟਸ ਕਲੱਬ’, ‘ਮੈਟਰੋ ਸਪੋਰਟਸ ਐਂਡ ਕਲਚਰਲ ਕਲੱਬ’, ‘ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ’, ‘ਨਿਊਜ਼ੀਲੈਂਡ ਸਿੱਖ ਗੇਮਜ਼’ ਅਤੇ ‘ਨਿਊਜ਼ੀਲੈਂਡ ਵਾਲੀਵਾਲ ਫੈਡਰੇਸ਼ਨ’ ਵੱਲੋਂ ਵੱਡਾ ਸਾਂਝਾ ਉਦਮ ਕੀਤਾ ਗਿਆ ਹੈ।
ਇਹ ਰਕਮ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਭੇਜੀ ਜਾਵੇਗੀ, ਜਿਸ ਵਿੱਚ ਖਾਣ-ਪੀਣ, ਦਵਾਈਆਂ, ਪਾਣੀ, ਅਤੇ ਰਿਹਾਇਸ਼ ਦੀ ਸਹੂਲਤ ਸ਼ਾਮਲ ਹੋਵੇਗੀ। ਹਰ ਖੇਡ ਕਲੱਬ ਆਪਣੀ ਆਪਣੇ ਇਲਾਕੇ ਵਿੱਚ ਲੋੜਵੰਦਾਂ ਨੂੰ ਇਹ ਮਦਦ ਭੇਜ ਸਕਦਾ ਹੈ—ਜਿਵੇਂ ਕਿ ਮਾਝਾ, ਮਾਲਵਾ ਅਤੇ ਦੋਆਬਾ।
ਧੰਨਵਾਦ: ਇਸ ਵੱਡੇ ਕਾਰਜ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਆਪਣੇ ਸਾਰੇ ਖੇਡ ਕਲੱਬਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜੋ ਇਸ ਮਾਨਵਤਾ ਭਰਪੂਰ ਯਤਨ ਵਿੱਚ ਅੱਗੇ ਆਏ। ਫੈਡਰੇਸ਼ਨ ਦੇ ਬੁਲਾਰੇ ਨੇ ਕਿਹਾ ਕਿ ‘‘ਸਾਡੀਆਂ ਵਿਰਾਸਤੀ ਜੜ੍ਹਾਂ ਪੰਜਾਬ ਵਿੱਚ ਹਨ। ਜਦੋਂ ਉਸ ਧਰਤੀ ਦੇ ਵਸਨੀਕ ਦੁਖੀ ਹੋਣ, ਤਾਂ ਸਾਡਾ ਫਰਜ਼ ਹੈ ਕਿ ਅਸੀਂ ਉਸਦੇ ਨਾਲ ਖੜੇ ਹੋਈਏ। ਸਾਰੇ ਕਲੱਬਾਂ ਨੇ ਜੋ ਸਹਿਯੋਗ ਦਿੱਤਾ, ਉਹ ਸਾਡੀ ਸਾਂਝੀ ਸੰਵੇਦਨਾ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।’’
ਆਮ ਅਪੀਲ
ਸਭ ਭਾਈਚਾਰੇ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਅੱਗੇ ਆਓ। ਇਹ ਸਮਾਂ ਹੈ ਸਾਂਝੀ ਮਦਦ ਦਾ। ਹਰੇਕ ਰੁਪਏ, ਹਰੇਕ ਕਦਮ, ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ।”