Babushahi Special: ਹੜ੍ਹ ਪੀੜਤਾਂ ਦਾ ਦਰਦ: ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ ਸਾਡਾ ਇਹੋ ਕੌਲ -ਕਰਾਰ ਮੀਆਂ
ਅਸ਼ੋਕ ਵਰਮਾ
ਬਠਿੰਡਾ, 4 ਸਤੰਬਰ 2025 : ਪੰਜਾਬ ’ਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਪੰਜਾਬੀਆਂ ਨੇ ਦਿਲ ਖੋਹਲ ਦਿੱਤੇ ਹਨ। ਪੰਜਾਬੀ ਲੋਕਾਂ ਨੇ ਬਿਪਤਾ ਦੀ ਘੜੀ ਮੌਕੇ ਆਪਣਿਆਂ ਨਾਲ ਜਿਉਣ ਮਰਨ ਦਾ ਅਹਿਦ ਲਿਆ ਹੈ। ਹਾਲਾਂਕਿ ਆਰਥਿਕ ਨੁਕਸਾਨ ਦੀ ਪੂਰਤੀ ਤਾਂ ਸਰਕਾਰਾਂ ਵੱਲੋਂ ਕੀਤੀ ਜਾਣੀ ਹੁੰਦੀ ਹੈ ਪਰ ਇਸ ਵਕਤ ਦੋਹਰੀ ਤੀਹਰੀ ਮਾਰ ਝੱਲ ਰਹੇ ਹੜ੍ਹਾਂ ਤੋਂ ਪੀੜਤਾਂ ਨੂੰ ਪੰਜਾਬ ਵਾਸੀਆਂ ਨੇ ਪਲਕਾਂ ਤੇ ਬਿਠਾਉਣ ਦੀ ਪਹਿਲ ਕੀਤੀ ਹੈ।
ਮਹੱਤਵਪੂਰਨ ਇਹ ਵੀ ਹੈ ਕਿ ਇਹ ਕੰਮ ਰਾਜਨੀਤੀ ਨੂੰ ਇੱਕ ਪਾਸੇ ਰੱਖਕੇ ਕੀਤਾ ਜਾ ਰਿਹਾ ਹੈ। ਕਿਸੇ ਦੇ ਸਿਆਸੀ ਵਿਚਾਰ ਕੁੱਝ ਵੀ ਹੋਣ ਪਰ ਹੁਣ ਦੁੱਖਾਂ ਭੰਨਿਆਂ ਦੀ ਸਾਰ ਹੀ ਸਭਨਾਂ ਦਾ ਇੱਕੋ ਇੱਕ ਮਕਸਦ ਹੈ। ਬਠਿੰਡਾ ਦੀ ਨੌਜਵਾਨ ਵੈਲਫੇਅਰ ਸੁਸਾਇਟੀ ਹੜ੍ਹ ਪੀੜਤ ਪ੍ਰੀਵਾਰਾਂ ਦੀ ਸਹਾਇਤਾ ਲਈ ਤੁਰੀ ਹੈ ਜਿਸ ਦੀ ਇੱਕ ਅਵਾਜ਼ ਤੇ ਸ਼ਹਿਰ ਵਾਸੀ ਦਸਵੰਧ ਵਜੋਂ ਸਮੱਗਰੀ ਮੁਹੱਈਆ ਕਰਵਾਉਣ ਲਈ ਇੱਕ ਦੂਜੇ ਤੋਂ ਕਾਹਲੇ ਹਨ।
‘ਮੇਲਾ ਜਾਗਦੇ ਜੁਗਨੂੰਆਂ ਦਾ’ ਦੀ ਟੀਮ ਨੇ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ਕਿਸ਼ਤੀ ਭੇਂਟ ਕਰਕੇ ਸੇਵਾ ਦੇ ਇਸ ਮਹਾਂਕੁੰਭ ਦੀ ਬੋਹਣੀ ਕੀਤੀ ਹੈ ਤਾਂ ਜੋ ਲੋੜਵੰਦਾਂ ਤੱਕ ਰਾਹਤ ਪੁੱਜਣ ’ਚ ਕੋਈ ਔਕੜ ਨਾਂ ਆਵੇ। ਜੱਥੇਬੰਦੀ ਦਾ ਕਾਰਕੁੰਨ ਹਰਮਿਲਾਪ ਗਰੇਵਾਲ ਆਖਦਾ ਹੈ ਕਿ ਬੇਸ਼ੱਕ ਹੜ੍ਹਾਂ ਨੇ ਹਰ ਵਰਗ ਨੂੰ ਝੰਬਿਆ ਹੈ ਪਰ ਸਭ ਤੋਂ ਵੱਧ ਖੇਤੀ ਪ੍ਰਭਾਵਿਤ ਹੋਈ ਹੈ ਇਸ ਲਈ ਆਮ ਲੋਕਾਂ ਨੂੰ ਪਈ ਮਾਰ ਅਤੇ ਅੰਨਦਾਤੇ ਦੇ ਅਹਿਸਾਨਾਂ ਅੱਗੇ ਇਹ ਸੇਵਾ ਤਾਂ ਮਾਮੂਲੀ ਹੈ।
ਇਸੇ ਤਰਾਂ ਹੀ ਅਰਜੁਨ ਨਰਸਰੀ ਵਾਲੇ ਵਿਪਨ ਗੁਪਤਾ ਨੇ ਆਪਣੀ ਨੇਕ ਕਮਾਈ ਚੋਂ 5100 ਰੁਪਿਆ ਹੜ੍ਹ ਪੀੜਤਾਂ ਲਈ ਭੇਜਿਆ ਹੈ। ਉਨ੍ਹਾਂ ਹੜ੍ਹ ਪੀੜਤਾਂ ਤੱਕ ਸਮਾਨ ਪੁੱਜਦਾ ਕਰਨ ਲਈ ਆਪਣੀ ਗੱਡੀ ਵਰਤਣ ਦੀ ਪੇਸ਼ਕਸ਼ ਵੀ ਕੀਤੀ ਹੈ। ਇਸ ਬਾਰੇ ਪਤਾ ਲੱਗਦਿਆਂ ਬਠਿੰਡਾ ਦੇ ਰਵਿੰਦਰ ਗੋਇਲ ਅਤੇ ਸੁਮਨ ਗੋਇਲ ਨੇ ਫਿਜ਼ੂਲ ਖਰਚ ਦੀ ਥਾਂ 21 ਹਜ਼ਾਰ ਰੁਪਏ ਸੁਸਾਇਟੀ ਹਵਾਲੇ ਕੀਤੇ ਹਨ।
ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਸ਼ੁਰੂ ਹੋਏ ਇਸ ਯੱਗ ’ਚ ਚੰਡੀਗੜ੍ਹ ਦੇ ਨਾਮੀ ਵਕੀਲ ਐਚਸੀ ਅਰੋੜਾ ਨੇ 10 ਹਜ਼ਾਰ ਰੁਪਏ ਨਾਲ ਸੇਵਾ ਕੀਤੀ ਹੈ ਜਦੋਂਕਿ ਜਤਿੰਦਰ ਸੈਣੀ ਨੇ ਵੀ ਏਨਾ ਹੀ ਯੋਗਦਾਨ ਪਾਇਆ ਹੈ। ਮਨਿੰਦਰ ਜੱਗੀ 11 ਹਜ਼ਾਰ ਨਾਲ ਆਹੂਤੀ ਪਾਕੇ ਗਏ ਹਨ।
ਇਕੱਲੀ ਆਰਥਿਕ ਸਹਾਇਤਾ ਹੀ ਨਹੀਂ ਬਲਕਿ ਇੱਕ ਦਾਨੀ ਸੱਜਣ ਟੁੱਥ ਬੁਰਸ਼, ਟੁੱਥ ਪੇਸਟ , ਮੱਛਰ ਭਜਾਉਣ ਵਾਲਾ ਸਮਾਨ ਅਤੇ ਸਾਬਣਾਂ ਸਮੇਤ ਖਾਣ ਪੀਣ ਦਾ ਸਮਾਨ ਦੇ ਕੇ ਗਿਆ ਹੈ। ਇਸੇ ਤਰਾਂ ਹੀ ਪਰਦੀਪ ਬਾਂਸਲ ਨੇ ਵੀ ਅਜਿਹੇ ਹੀ ਸਮਾਨ ਦੀ ਸੇਵਾ ਨਿਭਾਈ ਹੈ। ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਜਲ ਸੇਵਾ ਖਾਟੂ ਸ਼ਾਮ ਜੀ ਦੇ ਸੰਸਥਾਪਕ ਪੰਕਜ਼ ਗਰਗ ਅਤੇ ਪ੍ਰਧਾਨ ਦੀਪਕ ਅਗਰਵਾਲ ਗਾਜੀਆਬਾਦ ਵਾਲਿਆਂ ਨੇ 2600 ਪੈਕਟ ਬਿਸਕੁਟਾਂ ਦੀ ਸੇਵਾ ਕੀਤੀ ਹੈ ਜਦੋਂਕਿ ਖੁਸ਼ਹਾਲ ਸਿੰਘ ਯਾਦਵ ਬਿਸਕੁਟਾਂ ਦੇ 1300 ਪੈਕਟਾਂ ਦੀ ਸੇਵਾ ਕਰਕੇ ਗਿਆ ਹੈ।

ਏਦਾਂ ਹੀ ਬਠਿੰਡਾ ਸੈਨੇਟਰੀ ਐਸੋਸੀਏਸ਼ਨ ਨੇ ਵੀ ਵੱਖ ਵੱਖ ਵਸਤਾਂ ਨਾਲ ਆਪਣਾ ਯੋਗਦਾਨ ਪਾਇਆ ਹੈ। ਸ਼ਹਿਰ ਦੇ ਅਰਬਨ ਫਰਨੀਚਰ 20 ਹਜ਼ਾਰ ਅਤੇ ਪਰਮਵੀਰ ਸਿੱਧੂ 10 ਹਜ਼ਾਰ ਦਾ ਸੀਰ ਇਸ ਯੱਗ ’ਚ ਪਾਕੇ ਗਏ ਹਨ। ਪਰਦੀਪ ਬਾਂਸਲ ਨੇ 100 ਪੇਟੀਆਂ ਪਾਣੀ ਨਾਲ ਭਰੀਆਂ ਬੋਤਲਾਂ ਦੀਆਂ ਦਿੱਤੀਆਂ ਹਨ। ਵੱਡੀ ਗੱਲ ਹੈ ਕਿ ਸੋਨੂੰ ਮਹੇਸ਼ਵਰੀ ਨੂੰ ਯੋਗਦਾਨ ਪਾਉਣ ਵਾਲਿਆਂ ਦੇ ਲਗਾਤਾਰ ਫੋਨ ਆ ਰਹੇ ਹਨ। ਸੁਸਾਇਟੀ ਤਰਫੋਂ ਤਿੰਨ ਐਂਬੂਲੈਂਸਾਂ ਅਤੇ ਏਨੀਆਂ ਹੀ ਰਾਹਤ ਟੀਮਾਂ ਗਈਆਂ ਹਨ ਜੋ ਫਾਜ਼ਿਲਕਾ ਪ੍ਰਸ਼ਾਸ਼ਨ ਮੁਤਾਬਕ ਰਾਹਤ ਸਮੱਗਰੀ ਵੰਡਣ ਲੱਗੀਆਂ ਹੋਈਆਂ ਹਨ। ਹੜ੍ਹ ਪੀੜਤਾਂ ਦੀ ਸਾਰ ਲੈਣ ਕਈਆਂ ਰਾਹਤ ਟੀਮਾਂ ਵੀ ਦੰਗ ਰਹਿ ਗਈਆਂ ਹਨ ਕਿ ਰੱਬ ਐਨਾ ਨਿਰਦਈ ਕਿੱਦਾਂ ਹੋ ਸਕਦਾ ਹੈ ਜਿਸ ਨੇ ਲੋਕਾਂ ਦੇ ਆਸ਼ੀਆਨੇ ਅਤੇ ਖੇਤ ਪੂਰੀ ਤਰਾਂ ਬਰਬਾਦ ਕਰ ਦਿੱਤੇ ਹਨ। ਕਈ ਪ੍ਰੀਵਾਰ ਤਾਂ ਏਦਾਂ ਦੇ ਵੀ ਹਨ ਜਿੰਨ੍ਹਾਂ ਵੱਲੋਂ ਜੋੜਿਆ ਤਿਣਕਾ ਤਿਣਕਾ ਪਾਣੀ ਦੀ ਭੇਂਟ ਚੜ੍ਹ ਗਿਆ ਹੈ।
ਸਹਿਯੋਗ ਕਲੱਬ ਵੀ ਰਾਹਤ ਵਿੱਚ ਜੁਟਿਆ
ਹੜ੍ਹ ਪੀੜਤਾਂ ਦੀ ਸਹਾਇਤਾ ਗੱਲ ਤੁਰੀ ਤਾਂ ਸ਼ਹਿਰ ਦਾ ਸਹਿਯੋਗ ਵੈਲਫੇਅਰ ਕਲੱਬ ਵੀ ਅੱਗੇ ਆਇਆ ਹੈ। ਕਲੱਬ ਪ੍ਰਧਾਨ ਗੁਰਵਿੰਦਰ ਸ਼ਰਮਾ ਨੂੰ ਕਰਮਜੀਤ ਸਿੰਘ ਗਿੱਲ ਨੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਉਣ ਵਾਸਤੇ 20 ਹਜ਼ਾਰ ਰੁਪਏ ਦਿੱਤੇ ਹਨ। ਇਸੇ ਤਰਾਂ ਹੀ ਸ਼ਰਨ ਢੀਂਡਸਾ ਵੀ ਬੇਜੁਬਾਨਾਂ ਦਾ ਦਰਦ ਪਛਾਣਦਿਆਂ 15 ਹਜ਼ਾਰ ਦੀ ਨਕਦ ਰਾਸ਼ੀ ਦੇਕੇ ਗਿਆ ਹੈ। ਕਲੱਬ ਨੂੰ ਹੋਰ ਵੀ ਕਾਫੀ ਲੋਕਾਂ ਨੇ ਮੱਛਰਾਂ ਤੋਂ ਬਾਹਤ ਲਈ ਓਡੋਮਾਸ, ਦਵਾਈਆਂ , ਬੱਚਿਆ ਲਈ ਡਾਈਪਾਰ ,ਸੈਨਟਰੀ ਪੈਡ ਅਤੇ ਰਾਸ਼ਨ ਕਿੱਟਾਂ ਭੇਂਟ ਕੀਤੀਆਂ ਹਨ ਜੋ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਵੰਡੀਆਂ ਜਾ ਰਹੀਆਂ ਹਨ। ਕਲੱਬ ਪ੍ਰਭਾਵਿਤ ਪ੍ਰੀਵਾਰਾਂ ਅਤੇ ਉਨ੍ਹਾਂ ਦੇ ਡੰਗਰ ਪਸ਼ੂ ਦੀ ਸਲਾਮਤੀ ਲਈ ਦੁਆ ਵੀ ਮੰਗ ਰਿਹਾ ਹੈ।
ਲੋਕਾਂ ਦਿਲ ਖੋਹਲੇ: ਸੋਨੂੰ ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਲੋਕਾਂ ’ਚ ਇਸ ਗੱਲੋਂ ਬੇਹੱਦ ਜੋਸ਼ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਪ੍ਰੀਵਾਰਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਕਤ ਉਨ੍ਹਾਂ ਦੀ ਸੋਚ ਨਾਲੋਂ ਦੁੱਗਣਾ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬੀ ਆਪਣੇ ਸੁਭਾਅ ਮੁਤਾਬਕ ਸੇਵਾ ਦੇ ਇਸ ਮਹਾਂਯੱਗ ’ਚ ਆਹੁਤੀ ਪਾਉਣ ਲਈ ਆਪ ਮੁਹਾਰੇ ਅੱਗੇ ਆ ਰਹੇ ਹਨ।