ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ ਜ਼ਿਲਾ ਫ਼ਾਜ਼ਿਲਕਾ ਨੂੰ ਹੋਰ ਫੰਡ ਜਾਰੀ
ਆਪਣੇ ਅਖਤਿਆਰੀ ਕੋਟੇ ਵਿੱਚੋਂ ਕਿਸ਼ਤੀਆਂ ਵਾਸਤੇ ਦਿੱਤੇ 3 ਲੱਖ ਰੁਪਏ
ਕੈਬਨਿਟ ਮੰਤਰੀ ਵੱਲੋਂ ਜਲਾਲਾਬਾਦ ਦੇ ਸਰਹੱਦੀ ਪਿੰਡਾਂ ਦਾ ਦੌਰਾ
ਜਲਾਲਾਬਾਦ 4 ਸਤੰਬਰ
ਪੰਜਾਬ ਦੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਫ਼ਾਜ਼ਿਲਕਾ ਜ਼ਿਲੇ ਲਈ 3.5 ਕਰੋੜ ਰੁਪਏ ਹੋਰ ਰਾਹਤ ਕਾਰਜਾਂ ਲਈ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 1.5 ਕਰੋੜ ਰੁਪਏ ਪਹਿਲਾਂ ਹੀ ਜ਼ਿਲ੍ਹੇ ਨੂੰ ਦਿੱਤੇ ਗਏ ਸਨ। ਇਸ ਪ੍ਰਕਾਰ ਫਾਜ਼ਿਲਕਾ ਜ਼ਿਲੇ ਲਈ ਹੁਣ ਤੱਕ ਸੂਬਾ ਸਰਕਾਰ ਰਾਹਤ ਕਾਰਜਾਂ ਲਈ ਕੁੱਲ ਪੰਜ ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।
ਇਸ ਤੋਂ ਬਿਨਾਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 3 ਲੱਖ ਰੁਪਏ ਇਲਾਕੇ ਵਿੱਚ ਕਿਸ਼ਤੀਆਂ ਖਰੀਦਣ ਵਾਸਤੇ ਦਿੱਤੇ। ਇਸ ਮੌਕੇ ਉਨਾਂ ਨੇ ਆਖਿਆ ਕਿ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਡੱਟ ਕੇ ਖੜੀ ਹੈ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਲਈ ਸਰਕਾਰੀ ਵਿਭਾਗਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ । ਉਹਨਾਂ ਨੇ ਕਿਹਾ ਕਿ ਰਾਹਤ ਕੈਂਪਾਂ ਵਿੱਚ ਵੀ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਬੁਨਿਆਦੀ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਤੱਕ ਰਾਸ਼ਨ ਜਾਨਵਰਾਂ ਲਈ ਕੈਟਲ ਫੀਡ ਅਤੇ ਹੋਰ ਸਮਗਰੀ ਪਹੁੰਚਾਈ ਜਾ ਰਹੀ ਹੈ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਰਾਹਤ ਕਾਰਜਾਂ ਨੂੰ ਹਰ ਲੋੜਵੰਦ ਵਿਅਕਤੀ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਨੇ ਚਾਰਾਂ ਅਤੇ ਰਾਸ਼ਨ ਦੀ ਵੰਡ ਵੀ ਕਰਵਾਈ। ਉਹਨਾਂ ਵੱਲੋਂ ਢਾਣੀ ਬਚਨ ਸਿੰਘ , ਆਤੂ ਵਾਲਾ ਤੇ ਢਾਣੀ ਨੱਥਾ ਸਿੰਘ ਦਾ ਦੌਰਾ ਕੀਤਾ ਗਿਆ।।