ਖੇਤ ਮਜ਼ਦੂਰਾਂ ਵੱਲੋਂ ਮੁੜ ਤੋਂ ਕਰੋ ਜ਼ਮੀਨੀ ਵੰਡ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਲਾਮਬੰਦੀ ਮੀਟਿੰਗਾਂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ ,4 ਸਤੰਬਰ 2025 :ਮੌਜੂਦਾ ਸਮੇਂ ਲੋਕਾਂ ਦੇ ਜਾਨ ਮਾਲ ਦਾ ਖੌਅ ਬਣ ਰਹੇ ਹੜ੍ਹ ਕੁਦਰਤੀ ਕਰੋਪੀ ਨਹੀਂ ਸਗੋਂ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਦਾ ਸਿੱਟਾ ਹਨ ਅਤੇ ਇਸ ਨੁਕਸਾਨ ਦੀ ਸੌ ਫ਼ੀਸਦੀ ਭਰਪਾਈ ਕੇਂਦਰ ਤੇ ਸੂਬਾ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਪਿੰਡ ਭਾਗਸਰ ਤੇ ਖੁੰਡੇ ਹਲਾਲ ਵਿਖੇ ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 8 ਸਤੰਬਰ ਨੂੰ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀ ਮੁੜ ਤੋਂ ਕਰੋ ਜ਼ਮੀਨੀ ਵੰਡ ਕਾਨਫਰੰਸ ਦੀ ਤਿਆਰੀ ਸਬੰਧੀ ਰੱਖੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।ਉਹਨਾਂ ਆਖਿਆ ਕਿ ਅੱਜ਼ ਜਦੋਂ ਪਹਿਲਾਂ ਹੀ ਖੇਤੀ ਸੰਕਟ ਦੀ ਬਦੌਲਤ ਖੇਤ ਮਜ਼ਦੂਰ ਤੇ ਕਿਸਾਨ ਕਰਜ਼ੇ ਅਤੇ ਖ਼ੁਦਕੁਸ਼ੀਆਂ ਵਰਗਾ ਸੰਤਾਪ ਹੰਢਾ ਰਹੇ ਆ ਤਾਂ ਹੜ੍ਹਾਂ ਕਾਰਨ ਹੋ ਰਿਹਾ ਭਾਰੀ ਨੁਕਸਾਨ ਇਹਨਾਂ ਤਬਕਿਆਂ ਲਈ ਸਾੜ ਸਤੀ ਬਣ ਰਿਹਾ ਹੈ।
ਉਹਨਾਂ ਆਖਿਆ ਕਿ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੀਆਂ ਸਮੱਸਿਆਂਵਾਂ ਅਤੇ ਖੇਤੀ ਸੰਕਟ ਦੇ ਹੱਲ ਲਈ ਜਮੀਨਾਂ ਸਮੇਤ ਖੇਤੀ ਦੇ ਸੰਦ ਸਾਧਨਾਂ ਦੀ ਮੁੜ ਵੰਡ ਕਰਨਾ ਬੇਹੱਦ ਜ਼ਰੂਰੀ ਹੈ। ਉਹਨਾਂ ਆਖਿਆ ਕਿ ਜ਼ਮੀਨਾਂ ਅਤੇ ਸੰਦ ਸਾਧਨਾਂ ਦੀ ਮੁੜ ਵੰਡ ਨਾਂ ਸਿਰਫ ਮਜ਼ਦੂਰਾਂ ਕਿਸਾਨਾਂ ਦੀ ਤਰੱਕੀ ਤੇ ਖੁਸ਼ਹਾਲੀ ਦਾ ਰਾਹ ਖੋਲ੍ਹਣ ਦਾ ਅਹਿਮ ਸਾਧਨ ਬਣੇਗੀ ਸਗੋਂ ਹੋਰਨਾਂ ਵਰਗਾਂ ਦੀ ਹੋਣੀ ਵੀ ਇਹਨਾਂ ਕਦਮਾਂ ਨਾਲ ਹੀ ਬਦਲੇਗੀ। ਉਹਨਾਂ ਆਖਿਆ ਇਸ ਖਾਤਰ ਜ਼ਮੀਨੀ ਹੱਦਬੰਦੀ ਕਾਨੂੰਨ ਨੂੰ ਸਭ ਚੋਰ ਮੋਰੀਆਂ ਖਤਮ ਕਰਕੇ ਤੁਰੰਤ ਲਾਗੂ ਕਰਨ ਤੋਂ ਇਲਾਵਾ ਇਸ ਕਾਨੂੰਨ ਨੂੰ ਹੋਰ ਤਰਕ ਸੰਗਤ ਬਨਾਉਣ ਅਤੇ ਪੰਚਾਇਤੀ, ਸਾਂਝੀਆਂ , ਨਜ਼ੂਲ ਅਤੇ ਹੋਰਨਾਂ ਸਾਂਝੀਆਂ ਜ਼ਮੀਨਾਂ ਉੱਤੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਹੱਕ ਨੂੰ ਬਿਨਾਂ ਕਿਸੇ ਰੱਖ ਰਖਾਅ ਦੇ ਪ੍ਰਵਾਨ ਕਰਨ ਦੀ ਲੋੜ ਹੈ।
ਇਸ ਤੋਂ ਇਲਾਵਾ ਸ਼ਾਹੂਕਾਰਾ ਲੁੱਟ ਦਾ ਖਾਤਮਾ ਕਰਨ , ਕਿਸਾਨਾਂ ਖੇਤ ਮਜ਼ਦੂਰਾਂ ਨੂੰ ਸਸਤੇ ਤੇ ਬਿਨਾਂ ਵਿਆਜ ਕਰਜ਼ੇ ਦੇਣ ਦੀ ਨੀਤੀ ਬਣਾਉਣ, ਮਜ਼ਦੂਰਾਂ ਦੇ ਘਰਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਰੋਕਣ ਵਰਗੇ ਅਹਿਮ ਕਦਮ ਚੁੱਕੇ ਜਾਣ ਦੀ ਅਣਸਰਦੀ ਲੋੜ ਹੈ। ਇਸ ਮੌਕੇ ਮਜ਼ਦੂਰ ਆਗੂ ਕਾਕਾ ਸਿੰਘ ਤੇ ਤਰਸੇਮ ਸਿੰਘ ਖੁੰਡੇ ਹਲਾਲ,ਅਮਰੀਕ ਸਿੰਘ ਤੇ ਭਿੰਦਰ ਸਿੰਘ ਭਾਗਸਰ ਵੱਲੋਂ ਸੰਬੋਧਨ ਕਰਦਿਆਂ ਮਜ਼ਦੂਰਾਂ ਕਿਸਾਨਾਂ ਨੂੰ 8 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਚ ਕੀਤੀ ਜਾ ਰਹੀ ਕਾਨਫਰੰਸ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।