ਕੇਂਦਰੀ ਮੰਤਰੀ ਚੌਹਾਨ ਨੇ 2 ਹਜਾਰ ਕਰੋੜ ਰੁਪਏ ਰਾਹਤ ਪੈਕੇਜ ਦਾ ਦਿੱਤਾ ਭਰੋਸਾ
-ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਸ੍ਰੀ ਚੌਹਾਨ
-ਕੇਂਦਰੀ ਮੰਤਰੀ ਸ੍ਰੀ ਚੌਹਾਨ ਨੇ ਹਲਕਾ ਅਜਨਾਲਾ ‘ਚ ਹੜਾਂ ਦੇ ਝੰਭੇ ਪੀੜਤਾਂ ਦੀ ਸਾਰ ਸੁੱਧ ਲੈਣ ਲਈ ਕੀਤਾ ਘੋਹਨੇਵਾਲਾ ਪਿੰਡ ਦਾ ਦੌਰਾ-
ਅੰਮ੍ਰਿਤਸਰ/ ਅਜਨਾਲਾ/ ਰਾਜਾਸਾਂਸੀ, 4 ਸਤੰਬਰ 2025 ---
ਪਿਛਲੇ 9 ਦਿਨਾਂ ਤੋਂ ਹਲਕਾ ਅਜਨਾਲਾ ‘ਚ ਰਾਵੀ ਦਰਿਆ ਦੇ ਭਿਆਨਕ ਹੜਾਂ ਦੀ ਮਾਰ ਝੱਲ ਰਹੇ ਹੜ ਪੀੜਤਾਂ ਦੀ ਸਾਰ ਸੁੱਧ ਲੈਣ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਕੌਮਾਂਤਰੀ ਸਰਹੱਦੀ ਤੇ ਰਾਵੀ ਦਰਿਆ ਦੇ ਹੜਾਂ ਦੇ ਆਫਰੇ ਪਾਣੀ ਨਾਲ ਬੁਰੀ ਤਰਾਂ ਝੰਭੇ ਪਿੰਡ ਘੋਹਨੇਵਾਲਾ ਵਿਖੇ ਅੱਜ ਕੇਂਦਰੀ ਖੇਤੀ ਮੰਤਰੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵ ਰਾਜ ਚੌਹਾਨ ਉਚੇਚੇ ਤੌਰ ਤੇ ਪੁੱਜੇ, ਜਿੱਥੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਮੰਤਰੀਆਂ , ਸਾਬਕਾ ਮੰਤਰੀਆਂ , ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਸਮੁੱਚੇ ਜ਼ਿਲਾ੍ਹ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਵਲੋਂ ਹੜ੍ਹ ਪੀੜਤਾਂ ਨੂੰ ਫੌਰੀ ਰਾਹਤ ਪਹੁੰਚਾਉਣ, ਕੀਮਤੀ ਜਾਨਾਂ ਪਹੁੰਚਾਉਣ ਅਤੇ ਪੁਨਰਵਾਸ ਕਾਰਜਾਂ ਲਈ ਕੀਤੀ ਜਾ ਰਹੀ ਲੋੜੀਂਦੀ ਸਹਾਇਤਾ ਦੀਆਂ ਗਰਾਊਂਡ ਜ਼ੀਰੋ ਤੇ ਹਕੀਕਤਾਂ ਸਮੇਤ ਇਸ ਨਾਜੁਕ ਘੜੀ ‘ਚ ਗਵਰਨਰ ਪੰਜਾਬ, ਫੌਜ, ਬੀਐਸਐਫ , ਐਨਡੀਆਰਐਫ, ਹੋਰ ਸਰਕਾਰੀ ਏਜੰਸੀਆਂ ਅਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਵਲੋਂ ਰਾਹਤ ਕਾਰਜਾਂ ਲਈ ਨਿਭਾਈ ਜਾ ਰਹੀ ਸੰਤੁਸ਼ਟੀਜਨਕ ਭੂਮਿਕਾ ਤੋਂ ਜਾਣੂੰ ਕਰਵਾਇਆ। ਜਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣ ਮੌਕੇ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੇ ਕੇਂਦਰੀ ਮੰਤਰੀ ਕੋਲ ਇਨ੍ਹਾਂ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਉਪਾਵਾਂ ‘ਚ ਕੇਂਦਰ ਸਰਕਾਰ ਦੇ ਫੌਰੀ ਸਮਰਥਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਭਾਰਤ –ਪਾਕਿ ਕੌਮਾਂਤਰੀ ਕਰੀਬ 49 ਕਿਲੋਮੀਟਰ ਲੰਮੀ ਸਰਹੱਦ ‘ਤੇ ਵਿਧਾਨ ਸਭਾ ਹਲਕਾ ਅਜਨਾਲਾ ਸਥਿਤ ਹੋਣ ਦੇ ਨਾਲ ਇਸੇ ਕੌਮਾਂਤਰੀ ਸਰਹੱਦ ਦੇ ਨਾਲ ਨਾਲ ਕੌਮਾਂਤਰੀ ਰਾਵੀ ਦਰਿਆ ਦਾ ਬਰਸਾਤਾਂ ‘ਚ ਫਨੀਅਰ ਸੱਪ ਵਾਗੂੰ ਸ਼ੂਕਦਾ ਪਾਣੀ ਲਗਭਗ ਹਰ ਸਾਲ ਹਲਕਾ ਅਜਨਾਲਾ ਲਈ ਜਾਨੀ ਮਾਲੀ ਨੁਕਸਾਨ ਦੀ ਬਰਬਾਦੀ ਲਿਆਉਂਦਾ ਹੈ। ਜਦੋਂਕਿ ਇਸ ਸਰਹੱਦੀ ਤੇ ਰਾਵੀ ਦਰਿਆ ਖਿੱਤੇ ਦੇ ਪੇਂਡੂ ਤੇ ਨੀਮ ਸ਼ਹਿਰਾਂ ‘ਚ ਵੱਸੋਂ ਰੱਖਦੇ ਨਾਗਰਿਕ ਬੀਐਸਐਫ ਪਿੱਛੋਂ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਸਾਜਿਸ਼ਾਂ , ਡਰੋਨ ਰਾਹੀਂ ਨਸ਼ਿਆਂ, ਹਥਿਆਰਾਂ ਤੇ ਘੁਸਪੈਠ ਆਦਿ ਨੂੰ ਫੇਲ੍ਹ ਕਰਨ ਲਈ ਬੀਐਸਐਫ , ਪੰਜਾਬ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ‘ਚ ਦੂਸਰੀ ਸੁਰੱਖਿਆ ਪੰਕਤੀ ਵਜੋਂ ਦੇਸ਼ ਦੀ ਏਕਤਾ ਅਖੰਡਤਾ ਦੀ ਮਜ਼ਬੂਤੀ ਲਈ ਹਮੇਸ਼ਾ ਤੱਤਪਰ ਹਨ। 1965, 1971, 1999 ਕਾਰਗਿਲ ਜੰਗਾਂ ਅਤੇ ਹਾਲ ‘ਚ ਹੀ ਅਪਰੇਸ਼ਨ ਸਿੰਦੂਰ ਦੌਰਾਨ ਵੀ ਇਹ ਸਰਹੱਦੀ ਲੋਕ ਗੁਆਂਢੀ ਮੁਲਕ ਦੀਆਂ ਸਾਜਿਸ਼ਾਂ ਦੇ ਦੰਦ ਖੱਟੇ ਕਰਨ ਲਈ ਮਜ਼ਬੂਤ ਚਟਾਨ ਵਾਂਗ ਬੀਐਸਐਫ ਦੇ ਨਾਲ ਖੜੇ ਰਹੇ ਹਨ।ਸ: ਧਾਲੀਵਾਲ ਨੇ ਕੇਂਦਰੀ ਮੰਤਰੀ ਸ੍ਰੀ ਚੌਹਾਨ ਨੂੰ ਜਾਣਕਾਰੀ ਦਿੱਤੀ ਕਿ ਇਸੇ ਕੌਮਾਂਤਰੀ ਰਾਵੀ ਦਰਿਆ ਦੀ ਮਾਰ ਝਲਦੇ ਅਤੇ ਕੌਮਾਂਤਰੀ ਸਰਹੱਦੀ ਖੇਤਰ ਦੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਦਰਮਿਆਨ ਕਿਸਾਨਾਂ ਸਮੇਤ ਖੇਤ ਮਜਦੂਰਾਂ ਵਲੋਂ ਅਜਾਦੀ ਪਿੱਛੋਂ ਇਸ ਖਿੱਤੇ ਦੀਆਂ ਬੰਜ਼ਰ ਤੇ ਬੇਆਬਾਦ ਬੇਲਿਆਂ- ਬੂਝਿਆਂ ਜੰਗਲਾਤ ਦਾ ਰੂਪ ਧਾਰਣ ਕਰ ਚੁਕੀਆਂ ਜਮੀਨਾਂ ਨੂੰ ਕਰੜੀ ਮਿਹਨਤ ਮੁਸ਼ੱਕਤ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਉਪਜਾਊ ਬਣਾਉਂਦਿਆਂ ਅੰਨ ਉਤਪਾਦਨ ਕਰਕੇ ਕੇਂਦਰੀ ਅੰਨ ਭੰਡਾਰ ‘ਚ ਵੱਡਾ ਹਿੱਸਾ ਲਗਾਤਾਰ ਪਾਇਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਕੌਮਾਂਤਰੀ ਹਵਾਈ ਅੱਡਾ ਸ੍ਰੀ ਗੁਰੁ ਰਾਮਦਾਸ ਜੀ ਰਾਜਾਸਾਂਸੀ
(ਅੰਮ੍ਰਿਤਸਰ) ਵਿਖੇ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੇ ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆ ਦੀ ਸ਼ਮੂਲੀਅਤ ਨਾਲ ਜਿੱਥੇ ਕੇਂਦਰੀ ਮੰਤਰੀ ਸ੍ਰੀ ਚੌਹਾਨ ਦਾ ਪੰਜਾਬ ਸਰਕਾਰ ਵਲੋਂ ਸੁਆਗਤ ਕੀਤਾ , ਉਥੇ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਤੇ ਰਾਹਤ ਲਈ ਪਹਿਲੇ ਪੜਾਅ ‘ਚ 2 ਹਜਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵੱਲ ਬਕਾਇਆ ਰੁਕੇ ਪਏ 60 ਹਜਾਰ ਕਰੋੜ ਰੁਪਏ ਦੇ ਫੰਡ ਵੀ ਫੌਰੀ ਤੌਰ ਤੇ ਜਾਰੀ ਕਰਵਾਉਣ ਲਈ ਮੰਗ ਪੱਤਰ ਸੌਂਪਦਿਆਂ ਸੁਹਿਰਦਤਾ ਪੂਰਨ ਅਪੀਲ ਕੀਤੀ ਕਿ ਇਹ ਰਕਮਾਂ ਜਾਰੀ ਕਰਵਾਉਣ ਲਈ ਪਹਿਲ ਕਦਮੀ ਕੀਤੀ ਜਾਵੇ। ਮੰਗ ਪੱਤਰ ਤੇ ਵਿਸਥਾਰ ਨਾਲ ਚਰਚਾ ਕਰਦਿਆਂ ਸ: ਧਾਲੀਵਾਲ ਨੇ ਕੇਂਦਰੀ ਮੰਤਰੀ ਸ੍ਰੀ ਚੌਹਾਨ ਨੂੰ ਦੱਸਿਆ ਕਿ ਹੁਣ ਕੌਮਾਂਤਰੀ ਰਾਵੀ ਦਰਿਆ ‘ਚ 1988 ਨਾਲੋਂ ਵੀ ਭਿਅੰਕਰ ਪਰਲੋ ਦੀ ਤਰਾਂ ਆਏ ਹੜਾਂ ਨੇ 38 ਵਰਿਆਂ ‘ਚ ਇਨ੍ਹਾਂ ਸਰਹੱਦੀ ਲੋਕਾਂ ਵਲੋਂ ਕਰੜੀ ਮਿਹਨਤ ਨਾਲ ਆਰਥਿਕ, ਸਮਾਜਿਕ , ਆਲੀਸ਼ਾਨ ਘਰਾਂ, ਖੇਤੀਬਾੜੀ, ਪਸ਼ੂ ਧਨ, ਛੋਟੇ ਕਾਰੋਬਾਰ, ਬਹੁਪੱਖੀ ਵਿਕਾਸ, ਸਿਹਤ, ਸਿੱਖਿਆ, ਸੜਕਾਂ, ਧੁੱਸੀ ਬੰਨ੍ਹ, ਪੁਲ-ਪੁਲੀਆਂ ਆਦਿ ਖੇਤਰਾਂ ‘ਚ ਮੱਲਾਂ ਮਾਰ ਕੇ ਪੈਰਾਂ ਸਿਰ ਖੜੇ੍ਹ ਕੀਤੇ ਗਏ ਮੂਲ ਢਾਂਚੇ ਨੂੰ ਵਿਧਾਨ ਸਭਾ ਹਲਕਾ ਅਜਨਾਲਾ ‘ਚ ਤਬਾਹੀ ਕਰਕੇ ਤਹਿਸ ਨਹਿਸ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਅਤੇ ਹੜ੍ਹਾਂ ਦੇ ਮੱਦੇਨਜ਼ਰ ਮੱਚੀ ਤਬਾਹੀ ਨੇ ਬਹੁਮੁੱਲੀਆਂ ਮਨੁੱਖੀ ਜਾਨਾਂ ਨੂੰ ਵੀ ਆਪਣੀ ਲਪੇਟ ‘ਚ ਲਿਆ ਹੈ।ਇਸ ਹੋਏ ਨੁਕਸਾਨ ਦੀ ਭਰਪਾਈ ਪਹਿਲੇ ਪੜਾਅ ‘ਚ ਕੇਂਦਰ ਸਰਕਾਰ ਵਲੋਂ 2 ਹਜਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਜਾਰੀ ਹੋਣ ਨਾਲ ਕੀਤੀ ਜਾ ਸਕੇਗੀ। ਉਨ੍ਹਾਂ ਨੇ ਸ੍ਰੀ ਚੌਹਾਨ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕਰੀਬ 2 ਮਹੀਨੇ ਪਹਿਲਾਂ ਜੁਲਾਈ ਦੇ ਪਹਿਲੇ ਹਫਤੇ ਉਨ੍ਹਾਂ (ਸ: ਧਾਲੀਵਾਲ) ਵਲੋਂ ਕੇਂਦਰ ਰਕਾਰ ਦੇ ਜ਼ਲ ਸ਼ਕਤੀ ਮੰਤਰੀ ਸ੍ਰੀ ਸੀ.ਆਰ. ਪਾਟਿਲ ਨਾਲ ਨਵੀਂ ਦਿੱਲੀ ਵਿਖੇ ਉਚੇਚੀ ਮੀਟਿੰਗ ਕਰਕੇ ਉਕਤ ਹੜਾਂ ਸਮੇਤ ਹੋਰ ਸਮੱਸਿਆਵਾਂ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਉਠਾਈ ਗਈ ਸੀ।ਕੇਂਦਰੀ ਜ਼ਲ ਮੰਤਰੀ ਸ੍ਰੀ ਪਾਟਿਲ ਨੇ ਜਲਦੀ ਹੀ ਇਸ ਭਖਦੀ ਤੇ ਸੁਲਘਦੀ ਸਮੱਸਿਆ ਦਾ ਦੇਸ਼ ਹਿੱਤਾਂ ਦੇ ਮੱਦੇਨਜ਼ਰ ਹੱਲ ਕਰਨ ਲਈ ਫੰਡ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਸੀ , ਜੋ ਅਜੇ ਤੱਕ ਵਫਾ ਨਹੀਂ ਹੋਇਆ। ਬਤੌਰ ਕੇਂਦਰੀ ਮੰਤਰੀ ਹੋਣ ਦੇ ਮੱਦੇਨਜ਼ਰ ਤੁਹਾਡੇ (ਸ੍ਰੀ ਚੌਹਾਨ) ਵਲੋਂ ਆਪਣੇ ਸਾਥੀ ਮੰਤਰੀ ਸ੍ਰੀ ਪਾਟਿਲ ਕੋਲੋਂ ਵੀ ਇਸ ਸੰਬੰਧੀ ਲੋੜੀਂਦੇ ਫੰਡ ਜਾਰੀ ਕਰਵਾਉਣ ਲਈ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਚੌਹਾਨ ਨੇ ਵਿਧਾਇਕ ਸ: ਧਾਲੀਵਾਲ ਵਲੋਂ ਘੋਹਨੇਵਾਲਾ ਵਿਖੇ ਜਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਉਣ ਅਤੇ ਏਅਰਪੋਰਟ ਰਾਜਾਸਾਂਸੀ ਵਿਖੇ ਦਿੱਤੇ ਗਏ ਮੰਗ ਪੱਤਰ ਦੇ ਸਮਰਥਣ ‘ਚ ਭਰੋਸਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਜਲਦੀ ਹੀ ਰਾਹਤ ਅਤੇ ਪੁਨਰਵਾਸ ਲਈ ਲੋੜੀਂਦੀ ਸਹਾਇਤਾ ਪੰਜਾਬ ਸਰਕਾਰ ਨੂੰ ਜਾਰੀ ਕਰਨ ‘ਚ ਉਚਿਤ ਕਦਮ ਚੁੱਕੇਗੀ।
ਕੈਪਸ਼ਨ 1: ਵਿਧਾਇਕ ਤੇ ਸਾਬਕਾ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵ ਰਾਜ ਚੌਹਾਨ ਨੂੰ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਲਈ ਪਹਿਲੇ ਪੜਾਅ ‘ਚ ਫੌਰੀ ਤੌਰ ਤੇ 2 ਹਜਾਰ ਕਰੋੜ ਰੁਪਏ ਵਿੱਤੀ ਪੈਕੇਜ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਕੋਲ ਰੁੱਕੇ 60 ਹਜਾਰ ਕਰੋੜ ਰੁਪਏ ਜਾਰੀ ਕਰਨ ਲਈ ਮੰਗ ਪੱਤਰ ਦਿੰਦੇ ਹੋਏ।