ਪਿੰਡ ਮੁਸਤਫਾਬਾਦ ਜੱਟਾਂ ਤੇ ਸਰਾਵਾਂ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਬਾਬਾ ਸ੍ਰੀ ਚੰਦ ਜੀ ਦੀਆਂ ਸਿੱਖਿਆਂ ਮਨੁੱਖਤਾ ਦੇ ਭਲੇ ਲਈ ਹਮੇਸ਼ਾਂ ਸਾਰਥਿਕ ਰਹਿਣਗੀਆਂ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 01 ਸਤੰਬਰ ਪਿੰਡ ਮੁਸਤਫਾਬਾਦ ਜੱਟਾਂ ਵਿਖੇ ਗ੍ਰਾਮ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਅਤੇ ਪਿੰਡ ਸਰਾਵਾਂ ਵਿਖੇ ਹਰਪਾਲ ਸਿੰਘ ਵੱਲੋਂ ਆਪਣੇ ਘਰ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾ ਕੇ ਬਾਬਾ ਸ੍ਰੀ ਚੰਦ ਜੀ ਦਾ ਪਵਿੱਤਰ ਜਨਮ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵਿਸ਼ੇਸ਼ ਤੌਰ 'ਤੇ ਸੰਗਤ ਵਿੱਚ ਹਾਜ਼ਰੀ ਭਰੀ।
ਪਿੰਡ ਮੁਸਤਫਾਬਾਦ ਜੱਟਾਂ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਅਤੇ ਗੁਰਮਤਿ ਕਥਾ-ਵਿਚਾਰ ਕੀਤੀ ਗਈ ਅਤੇ ਸੰਗਤਾਂ ਨੇ ਨਾਮ ਸਿਮਰਨ ਕਰਦੇ ਹੋਏ ਬਾਬਾ ਸ੍ਰੀ ਚੰਦ ਜੀ ਦੇ ਉਪਦੇਸ਼ਾਂ 'ਸਾਦਗੀ, ਤਿਆਗ, ਸੇਵਾ ਅਤੇ ਨਾਮ ਜਪਣ' ਨੂੰ ਯਾਦ ਕੀਤਾ।
ਇਸ ਮੌਕੇ ਦੇ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਜੀ ਨੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਨੇ ਬਾਬਾ ਸ੍ਰੀ ਚੰਦ ਜੀ ਨੇ ਆਪਣੀ ਜ਼ਿੰਦਗੀ ਰਾਹੀਂ ਸਾਨੂੰ ਨਿਮਰਤਾ, ਤਿਆਗ ਅਤੇ ਅਧਿਆਤਮਿਕਤਾ ਦੇ ਰਾਹੀਂ ਚੱਲਣ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਸਮਾਜਕ ਅਤੇ ਪਰਿਵਾਰਕ ਮੁੱਲ ਘਟਦੇ ਜਾ ਰਹੇ ਹਨ, ਸਾਨੂੰ ਬਾਬਾ ਸ੍ਰੀ ਚੰਦ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਲੋੜ ਹੈ ਤਾਂ ਜੋ ਇੱਕ ਸੁੰਦਰ, ਨਿਰਮਲ ਅਤੇ ਸੇਵਾ-ਮੁੱਖ ਸਮਾਜ ਦਾ ਨਿਰਮਾਣ ਹੋ ਸਕੇ। ਸ੍ਰੀ ਬਹਿਲ ਨੇ ਕਿਹਾ ਕਿ ਬਾਬਾ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਭਾਵੇਂ ਕੋਈ ਕਿੰਨਾ ਵੀ ਮਹਾਨ ਹੋਵੇ, ਉਸ ਨੂੰ ਹਮੇਸ਼ਾ ਨਿਮਰ ਰਹਿ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਇਸ ਗੱਲੋਂ ਹੋਰ ਵੀ ਸੁਭਾਗੀ ਹੈ ਕਿ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇੱਥੇ ਪ੍ਰਭੂ ਭਗਤੀ ਕਰਦਿਆਂ ਬਤੀਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਵਿੱਚ ਸੰਗਤਾਂ ਅਥਾਹ ਸ਼ਰਧਾ ਰੱਖਦੀਆਂ ਹਨ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਹੜ੍ਹ ਪੀੜ੍ਹਤਾਂ ਲਈ ਭਲਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਧਾਰਮਿਕ ਸਮਾਗਮਾਂ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।