ਐਮ ਐਲ ਏ ਕੁਲਵੰਤ ਸਿੰਘ ਵੱਲੋਂ ਪਠਾਨਕੋਟ ਦੇ ਹੜ੍ਹ ਪੀੜਤਾਂ ਵਾਸਤੇ ਦੋ ਟਰੱਕ ਫੀਡ ਅਤੇ ਇੱਕ ਟਰੱਕ ਪੀਣ ਵਾਲੇ ਪਾਣੀ ਦਾ ਰਵਾਨਾ
- ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਟੀਮ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਹਰ ਪੱਖੋਂ ਮੈਦਾਨ ਚ ਜੁਟੀ
- ਕਿਹਾ, ਇਹ ਸਮਾਂ ਇੱਕ ਦੂਸਰੇ ਤੇ ਦੋਸ਼ ਲਾਉਣ ਦੀ ਬਜਾਏ ਪੀੜਤਾਂ ਦੀ ਮਦਦ ਕਰਨ ਦਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਗਸਤ 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਕੈਬਿਨਟ ਅਤੇ ਅਫ਼ਸਰਸ਼ਾਹੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਮੈਦਾਨ ਚ ਜੁਟੀ ਹੋਈ ਹੈ ਅਤੇ ਇਹ ਸਮਾਂ ਇੱਕ ਦੂਸਰੇ ਤੇ ਦੋਸ਼ ਨਾ ਲਾ ਕੇ, ਕੁਦਰਤ ਦੀ ਕਰੋਪੀ ਦਾ ਸ਼ਿਕਾਰ ਲੋਕਾਂ ਦੀ ਸੱਚੇ ਦਿਲੋਂ ਮੱਦਦ ਕਰਨ ਦਾ ਹੈ।
ਇਹ ਪ੍ਰਗਟਾਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੋਹਾਲੀ ਤੋਂ ਆਪਣੀ ਟੀਮ ਅਤੇ ਸਮਰੱਥਕਾਂ ਦੇ ਸਹਿਯੋਗ ਨਾਲ ਪਠਾਨਕੋਟ ਇਲਾਕੇ ਦੇ ਹੜ੍ਹ ਪੀੜਤਾਂ ਲਈ ਦੋ ਟਰੱਕ ਪਸ਼ੂਆਂ ਦੀ ਫੀਡ ਅਤੇ ਇੱਕ ਟਰੱਕ ਪੀਣ ਵਾਲੇ ਪਾਣੀ ਦਾ ਭੇਜਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇਹ ਮੰਗ ਆਈ ਸੀ ਇਕ ਹੜ੍ਹ ਪੀੜਤ ਇਲਾਕੇ ਵਿੱਚ ਪਸ਼ੂਆਂ ਦੀ ਫੀਡ ਅਤੇ ਪੀਣ ਵਾਲੇ ਪਾਣੀ ਦੀ ਜ਼ਬਰਦਸਤ ਲੋੜ ਹੈ, ਜਿਸ ਕਰਕੇ ਉਨ੍ਹਾਂ ਵੱਲੋਂ ਆਪਣੀ ਟੀਮ ਦੀ ਮੱਦਦ ਨਾਲ ਤੁਰੰਤ ਦੋ ਟਰੱਕ ਫੀਡ ਅਤੇ ਇੱਕ ਟਰੱਕ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਾ ਪ੍ਰਬੰਧ ਕੀਤਾ ਗਿਆ।
ਐਮ ਐਲ ਏ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਵੀ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਿਸੇ ਹੋਰ ਸਮੱਗਰੀ ਦੀ ਮੰਗ ਆਉਂਦੀ ਹੈ ਤਾਂ ਮੋਹਾਲੀ ਹਲਕਾ ਤੁਰੰਤ ਇਸ ਦੀ ਪੂਰਤੀ ਕਰੇਗਾ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਮਨੁੱਖਤਾ ਦੀ ਬਾਂਹ ਫੜੀ ਜਾ ਸਕੇ।
ਉਨ੍ਹਾਂ ਕਿਹਾ ਕਿ ਮੋਹਾਲੀ ਹਲਕੇ ਦੇ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਜਿਸ ਦੇ ਉਹ ਤਹਿ ਦਿਲੋਂ ਧੰਨਵਾਦੀ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੀ ਕਿਸਾਨੀ ਅਤੇ ਲੋਕ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਆਪਣੇ ਘਰਾਂ, ਮਾਲ-ਪਸ਼ੂ ਤੱਕ ਛੱਡਣੇ ਪੈ ਰਹੇ ਹਨ। ਉਨ੍ਹਾਂ ਦੇ ਘਰ ਤੱਕ ਢਹਿ ਗਏ ਹਨ। ਧੀਆਂ-ਧਿਆਣੀਆਂ ਦੇ ਵਿਆਹ ਅਤੇ ਭਵਿੱਖ ਨੂੰ ਮੁੱਖ ਰੱਖ ਕੇ ਸੰਜੋਏ ਸੁਫ਼ਨੇ ਅਤੇ ਸਮਾਨ ਜਿਵੇਂ ਗਹਿਣੇ ਆਦਿ ਪਾਣੀ ਦੀ ਭੇਟ ਚੜ੍ਹ ਗਏ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਬਾਅਦ ਅੱਜ ਪੰਜਾਬ ਦੇ ਲੋਕ ਵੱਡੀ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਣ ਬਾਅਦ ਪੰਜਾਬੀਆਂ ਪਾਸੋਂ ਹੀ ਮੱਦਦ ਦੀ ਉਡੀਕ ਚ ਹਨ, ਇਸ ਲਈ ਸਾਨੂੰ ਇਸ ਮੌਕੇ ਧੜੇਬੰਦੀਆਂ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਉਨ੍ਹਾਂ ਦੀ ਮੱਦਦ ਤੇ ਆਉਣਾ ਚਾਹੀਦਾ ਹੈ।